Panchkula MC Election ਲਈ 52 ਫ਼ੀਸਦ ਵੋਟਾਂ ਪਈਆਂ
ਅੰਬਾਲਾ ਵਿੱਚ 54.05 ਫ਼ੀਸਦ ਵੋਟਾਂ ਪਈਆਂ; ਪੰਚਕੂਲਾ ’ਚ ਇੱਕ ਬੂਥ ਨੂੰ ਛੱਡ ਕੇ ਬਾਕੀ ਥਾਂ ਅਮਨ-ਅਮਾਨ ਰਿਹਾ
ਅੱਜ ਪੰਚਕੂਲਾ ਨਗਰ ਨਿਗਮ ਲਈ 52 ਫ਼ੀਸਦ ਅਤੇ ਅੰਬਾਲਾ ਲਈ 54.05 ਫ਼ੀਸਦ ਵੋਟਾਂ ਪਈਆਂ। ਪੰਚਕੂਲਾ ਵਿੱਚ ਅੱਜ ਸਵੇਰ 8 ਤੋਂ ਸ਼ਾਮ 6 ਵਜੇ ਤੱਕ ਵੋਟਾਂ ਪਈਆਂ। ਸਿਰਫ ਸੈਕਟਰ-17 ਦੇ ਇੱਕ ਪੋਲਿੰਗ ਬੂਥ ’ਤੇ ਲੋਕਾਂ ਦਾ ਪੁਲੀਸ ਨਾਲ ਮਾਮੂਲੀ ਵਿਵਾਦ ਹੋਇਆ। 13 ਮਈ ਨੂੰ ਵੋਟਾਂ ਦੀ ਗਿਣਤੀ ਦਾ ਕੰਮ ਲੜਕੀਆਂ ਦੇ ਸਰਕਾਰੀ ਕਾਲਜ ਸੈਕਟਰ-14 ਵਿੱਚ ਸ਼ੁਰੂ ਹੋਵੇਗਾ ਅਤੇ ਇਸੇ ਦਿਨ ਹੀ ਨਤੀਜੇ ਆ ਜਾਣਗੇ। ਅੱਜ 6 ਵਜੇ ਤੱਕ 52 ਫ਼ੀਸਦ ਵੋਟਾਂ ਪਈਆਂ ਅਤੇ ਪੰਚਕੂਲਾ ਨਗਰ ਨਿਗਮ ਦੀਆਂ ਕੁੱਲ 20,7,444 ਵੋਟਾਂ ਵਿੱਚੋਂ 10,7,949 ਵੋਟਾਂ ਹੀ ਪਈਆਂ। ਪ੍ਰਸਾਸ਼ਨ ਨੇ 20 ਵਾਰਡਾਂ ਲਈ 204 ਪੋਲਿੰਗ ਬੂਥ ਬਣਾਏ ਹੋਏ ਸਨ। ਸਭ ਤੋਂ ਵੱਧ ਪੋਲਿੰਗ ਬੂਥ ਸੈਕਟਰ 17 ਵਿੱਚ ਸਨ, ਜਿਨ੍ਹਾਂ ਦੀ ਗਿਣਤੀ 13 ਸੀ। ਹਰੇਕ ਬੂਥ ਉੱਤੇ ਦੋ ਈ ਵੀ ਐਮ ਲਗਾਈਆਂ ਗਈਆਂ ਸਨ ਜਿਸ ਵਿੱਚ ਇੱਕ ਈ ਵੀ ਐੱਮ ਮੇਅਰ ਅਤੇ ਦੂਜੀ ਵਾਰਡ ਦੇ ਕੌਂਸਲਰਾਂ ਦੀਆਂ ਵੋਟਾਂ ਲਈ ਲਾਈ ਗਈ ਸੀ। ਹੁਣ ਕੌਂਸਲਰਾਂ ਅਤੇ ਮੇਅਰ ਉਮੀਦਵਾਰਾਂ ਦੀ ਕਿਸਮਤ ਈ ਵੀ ਐੱਮ ਵਿੱਚ ਕੈਦ ਹੋ ਗਈ। ਅੱਜ ਦੇਰ ਸ਼ਾਮ ਪੁਲੀਸ ਦੀ ਹਾਜ਼ਰੀ ਵਿੱਚ ਈ ਵੀ ਐੱਮ ਮਸ਼ੀਨਾਂ ਸੈਕਟਰ-14 ਦੇ ਲੜਕੀਆਂ ਦੇ ਸਰਕਾਰੀ ਕਾਲਜ ਦੇ ਸਟਰਾਂਗ ਰੂਮ ਵਿੱਚ ਰੱਖੀਆਂ ਗਈਆਂ। ਏ ਸੀ ਪੀ ਵਿਕਰਮ ਨਹਿਰਾ ਨੇ ਦੱਸਿਆ ਕਿ ਪੰਚਕੂਲਾ ਪੁਲੀਸ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ।
ਉਧਰ, ਅੰਬਾਲਾ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀ ਸੀ ਅਜੈ ਸਿੰਘ ਤੋਮਰ ਨੇ ਦੱਸਿਆ ਕਿ ਅੰਬਾਲਾ ਨਗਰ ਨਿਗਮ ਚੋਣਾਂ ਲਈ 54.05 ਫ਼ੀਸਦ ਵੋਟਾਂ ਪਈਆਂ। ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪੋਲਿੰਗ ਪਾਰਟੀਆਂ ਵੱਲੋਂ ਸੈਕਟਰ-9 ਸਥਿਤ ਓ ਪੀ ਐਸ ਵਿਦਿਆ ਮੰਦਰ ਸਕੂਲ ਵਿੱਚ ਬਣਾਏ ਗਏ ਸਟਰਾਂਗ ਰੂਮ ਵਿੱਚ ਈ ਵੀ ਐਮ ਜਮ੍ਹਾਂ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਇਸ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।
ਐੱਸ ਪੀ ਵੱਲੋਂ ਸੰਵੇਦਨਸ਼ੀਲ ਬੂਥਾਂ ਦਾ ਦੌਰਾ
ਅੰਬਾਲਾ : ਅੰਬਾਲਾ ਨਗਰ ਨਿਗਮ ਚੋਣਾਂ ਦੌਰਾਨ ਐੱਸ ਪੀ ਅਜੀਤ ਸਿੰਘ ਸ਼ੇਖਾਵਤ ਨੇ ਸੰਵੇਦਨਸ਼ੀਲ ਅਤੇ ਅਹਿਮ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪਿੰਡ ਘੇਲ, ਨਸੀਰਪੁਰ, ਆਈਟੀਆਈ ਅੰਬਾਲਾ ਸ਼ਹਿਰ, ਜੀ ਆਰ ਐੱਸ ਡੀ ਕਾਲਜ, ਸਰਕਾਰੀ ਸਕੂਲ ਪ੍ਰੇਮ ਨਗਰ, ਏ ਐੱਸ ਹਾਈ ਸਕੂਲ, ਕਾਕੜੂ ਅਤੇ ਮੰਡੌਰ ਸਣੇ ਕਈ ਬੂਥਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਵੋਟਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਵੋਟ ਪਾਉਣ ਦੀ ਅਪੀਲ ਕੀਤੀ।

