ਆਤਿਸ਼ ਗੁਪਤਾ
ਚੰਡੀਗੜ੍ਹ, 6 ਸਤੰਬਰ
ਇੱਥੋਂ ਦੇ ਸੈਕਟਰ-40 ਵਿੱਚ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਕੀਤੀ ਗਈ ਆਨਲਾਈਨ ਸ਼ਾਪਿੰਗ ਦਾ ਸਾਮਾਨ ਵਾਪਸ ਕਰਨ ’ਤੇ 434 ਰੁਪਏ ਵਾਪਸ ਕਰਨ ਦੇ ਨਾਮ ਉੱਤੇ ਬੈਂਕ ਖਾਤੇ ਵਿੱਚੋਂ 50 ਹਜ਼ਾਰ ਰੁਪਏ ਉਡਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਪੁਲੀਸ ਨੇ ਪੰਜ ਮੋਬਾਈਲ ਫੋਨ, ਲੈਪਟਾਪ ਤੇ 30 ਸਿਮ ਕਾਰਡ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਸ਼ਿਵਾਂਸ਼ੂ ਵਾਸੀ ਮੋਗਾ ਅਤੇ ਸੁਭਰਾਤਾ ਮੰਡਲ ਵਾਸੀ ਪੱਛਮੀ ਬੰਗਾਲ ਵਜੋਂ ਹੋਈ ਹੈ। ਪੁਲੀਸ ਨੇ ਇਹ ਕਾਰਵਾਈ ਜੰਗ ਜੈ ਰਾਜ ਵਾਸੀ ਸੈਕਟਰ-40 ਦੀ ਸ਼ਿਕਾਇਤ ’ਤੇ ਕੀਤੀ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਨੇ 434 ਰੁਪਏ ਦੇ ਆਨਲਾਈਨ ਜੁੱਤੇ ਖਰੀਦੇ ਸਨ, ਪਰ ਜੁੱਤੇ ਵਧੀਆ ਨਾ ਹੋਣ ਕਰ ਕੇ ਉਸ ਨੇ ਹੈਲਪਲਾਈਨ ਨੰਬਰ ’ਤੇ ਸੰਪਰਕ ਕਰ ਕੇ ਜੁੱਤੇ ਵਾਪਸ ਕਰਨ ਦੀ ਗੱਲ ਕੀਤੀ। ਇਸੇ ਦੌਰਾਨ ਉਸ ਨੂੰ ਇਕ ਨੰਬਰ ਤੋਂ ਫੋਨ ਆਇਆ ਅਤੇ 434 ਰੁਪਏ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ। ਮੁਲਜ਼ਮ ਨੇ ਜੰਗ ਜੈ ਰਾਜ ਨੂੰ ਬੈਂਕ ਖਾਤੇ ਬਾਰੇ ਜਾਣਕਾਰੀ ਅਪਲੋਡ ਕਰਨ ਲਈ ਕਿਹਾ। ਪੀੜਤ ਨੇ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਅਪਲੋਡ ਕੀਤੀ ਤਾਂ ਉਸ ਦੇ ਖਾਤੇ ਵਿੱਚੋਂ 50 ਹਜ਼ਾਰ ਰੁਪਏ ਗਾਇਬ ਹੋ ਗਏ। ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।