5-Day Work Week: ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮੁਜ਼ਾਹਰਾ
ਪੰਜ ਦਿਨਾ ਕੰਮ-ਕਾਜੀ ਹਫ਼ਤਾ ਬਾਰੇ ਫ਼ੈਸਲਾ ਲਾਗੂ ਕਰਨ ਦੀ ਮੰਗ
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਦੇਸ਼ ਵਿਆਪੀ ਸੱਦੇ ਤਹਿਤ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਅਤੇ ਕਰਮਚਾਰੀ ਅੱਜ ਸੈਕਟਰ 17, ਚੰਡੀਗੜ੍ਹ ਦੇ ਬੈਂਕ ਸਕੇਅਰ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ। ਉਨ੍ਹਾਂ ਬੈਂਕਿੰਗ ਉਦਯੋਗ ਵਿੱਚ ਲੰਮੇ ਸਮੇਂ ਤੋਂ ਲਟਕ ਰਹੇ ਪੰਜ ਦਿਨਾਂ ਦੇ ਕੰਮ ਵਾਲੇ ਹਫ਼ਤੇ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕਰਦਿਆਂ ਮੁਜ਼ਾਹਰਾ ਕੀਤਾ।
ਦੱਸਣਯੋਗ ਹੈ ਕਿ ਪਹਿਲਾਂ ਇਸੇ ਮੰਗ ਲਈ ਬੀਤੀ 27 ਜਨਵਰੀ ਨੂੰ ਦੇਸ਼ ਵਿਆਪੀ ਬੈਂਕ ਹੜਤਾਲ ਕੀਤੀ ਗਈ ਸੀ। ਯੂਨੀਅਨ ਨੇ ਗੰਭੀਰ ਚਿੰਤਾ ਪ੍ਰਗਟਾਈ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਇੱਕ ਸਮਝੌਤਾ ਪੱਤਰ ਅਤੇ ਸੈਟਲਮੈਂਟ/ਜੁਆਇੰਟ ਨੋਟ ਵਿੱਚ ਪੰਜ ਦਿਨਾਂ ਦੇ ਬੈਂਕਿੰਗ ਸਮਝੌਤੇ ਲਈ ਸਹਿਮਤ ਹੋਣ ਅਤੇ ਸਰਕਾਰ ਨੂੰ ਪ੍ਰਸਤਾਵ ਸੌਂਪਣ ਦੇ ਬਾਵਜੂਦ ਇਸ ਮਹੱਤਵਪੂਰਨ ਮੁੱਦੇ ’ਤੇ ਫੈਸਲਾ ਲੰਬਿਤ ਹੈ। ਅੱਜ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਵਿੱਚ ਜਗਦੀਸ਼ ਰਾਏ, ਇਕਬਾਲ ਸਿੰਘ ਮੱਲ੍ਹੀ, ਪ੍ਰਿਯਵਰਤ, ਸੰਜੇ ਸਿਨਹਾ, ਗੁਰਬਖਸ਼ ਸਿੰਘ, ਪੰਕਜ ਸ਼ਰਮਾ, ਸਚਿਨ, ਰਾਜ ਕੁਮਾਰ ਅਰੋੜਾ, ਯੋਗੇਸ਼, ਰਿਸ਼ੀ ਉਪਾਧਿਆਏ, ਕ੍ਰਾਂਤੀ, ਗੌਰਵ, ਪ੍ਰੇਮ ਪਵਾਰ, ਵਿਨੈ, ਵਿਭੋਰ, ਅਜੈ ਗੈਪੁਰੀਆ ਅਤੇ ਅਮਨਦੀਪ ਸਿੰਘ ਸਮੇਤ ਵੱਖ-ਵੱਖ ਬੈਂਕਾਂ ਦੇ ਵੱਡੀ ਗਿਣਤੀ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਪੰਜ ਦਿਨਾਂ ਦੀ ਬੈਂਕਿੰਗ ਦੀ ਮੰਗ ਨਾ ਤਾਂ ਨਵੀਂ ਹੈ ਅਤੇ ਨਾ ਹੀ ਗ਼ੈਰ-ਵਾਜਿਬ ਹੈ।
ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਬੈਂਕਿੰਗ ਭਾਈਚਾਰੇ ਨੇ ਹਰ ਮੁਸ਼ਕਿਲ ਸਥਿਤੀ ਵਿੱਚ ਦੇਸ਼ ਦਾ ਲਗਾਤਾਰ ਸਮਰਥਨ ਕੀਤਾ ਹੈ, ਭਾਵੇਂ ਉਹ ਆਰਥਿਕ ਸੰਕਟ, ਨੋਟਬੰਦੀ, ਕੋਵਿਡ-19 ਮਹਾਮਾਰੀ ਜਾਂ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਨੂੰ ਆਖਰੀ ਮੀਲ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਹੋਵੇ। ਪੰਜ ਦਿਨਾਂ ਦੀ ਬੈਂਕਿੰਗ ਹੁਣ ਸਿਰਫ਼ ਛੁੱਟੀਆਂ ਦਾ ਮਾਮਲਾ ਨਹੀਂ ਹੈ ਸਗੋਂ ਸਮਾਨ ਕੰਮ-ਕਾਜੀ ਸਥਿਤੀਆਂ, ਕਿਰਤ ਦੇ ਸਨਮਾਨ ਬਿਹਤਰ ਕੰਮ-ਜੀਵਨ ਸੰਤੁਲਨ ਅਤੇ ਇੱਕ ਆਧੁਨਿਕ ਬੈਂਕਿੰਗ ਪ੍ਰਣਾਲੀ ਦੀ ਜ਼ਰੂਰਤ ਹੈ। ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਆਪਣੀ ਵਚਨਬੱਧਤਾ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸ ਮੌਕੇ ਮੁਲਾਜ਼ਮਾਂ ਨੇ ਸਰਬਸੰਮਤੀ ਨਾਲ ਮੰਗ ਕੀਤੀ ਕਿ ਭਾਰਤ ਸਰਕਾਰ ਬੈਂਕਿੰਗ ਉਦਯੋਗ ਲਈ ਸਾਰੇ ਸ਼ਨਿਚਰਵਾਰਾਂ ਨੂੰ ਛੁੱਟੀ ਘੋਸ਼ਿਤ ਕਰੇ ਅਤੇ ਬਿਨਾਂ ਕਿਸੇ ਦੇਰੀ ਦੇ ਪੰਜ ਦਿਨਾਂ ਦੀ ਬੈਂਕਿੰਗ ਪ੍ਰਣਾਲੀ ਲਾਗੂ ਕਰਨ ਨੂੰ ਤੁਰੰਤ ਮਨਜ਼ੂਰੀ ਦੇਵੇ।

