DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

43 ਸਾਲਾ ਵਿਅਕਤੀ ਦੀ ਮੌਤ ਦਾ ਮਾਮਲਾ: ਮੁਹਾਲੀ ਦੇ ਮੈਕਸ ਹਸਪਤਾਲ ਅਤੇ ਡਾਕਟਰ ਦੋਸ਼ੀ ਕਰਾਰ

ਇਲਾਜ ਵਿੱਚ ਲਾਪਰਵਾਹੀ ਦੇ ਲੱਗੇ ਦੋਸ਼; ਪੀੜਤ ਪਰਿਵਾਰ ਨੂੰ ਲੱਖਾਂ ਰੁਪਏ ਮੁਆਵਜ਼ਾ ਦੇਣ ਦੇ ਹੁਕਮ

  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ ਸਥਿਤ ‘ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ’ (NCDRC) ਨੇ ਮੁਹਾਲੀ ਦੇ ਪ੍ਰਸਿੱਧ ‘ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ’ ਅਤੇ ਇਸ ਦੇ ਕੰਸਲਟੈਂਟ ਡਾਕਟਰ ਸੁਧੀਰ ਸਕਸੇਨਾ ਨੂੰ ਮੈਡੀਕਲ ਲਾਪਰਵਾਹੀ ਅਤੇ ਸੇਵਾਵਾਂ ’ਚ ਕੋਤਾਹੀ ਦਾ ਦੋਸ਼ੀ ਠਹਿਰਾਉਣ ਵਾਲੇ ਪੰਜਾਬ ਰਾਜ ਕਮਿਸ਼ਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਇਹ ਮਾਮਲਾ ਸਾਲ 2013 ਵਿੱਚ ਪਿੰਜੌਰ ਦੇ 43 ਸਾਲਾ ਰਿਸ਼ੀ ਗੁਪਤਾ ਦੀ ਪੇਸਮੇਕਰ ਲਗਾਉਣ ਤੋਂ ਬਾਅਦ ਹੋਈ ਮੌਤ ਨਾਲ ਸਬੰਧਤ ਹੈ।

ਕਮਿਸ਼ਨ ਨੇ ਮੈਕਸ ਹਸਪਤਾਲ ਦੀ ਅਪੀਲ ਨੂੰ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਰਾਜ ਕਮਿਸ਼ਨ ਵੱਲੋਂ ਇੰਟਰਵੈਨਸ਼ਨਲ ਕਾਰਡੀਓਲਾਜਿਸਟ ਡਾ. ਸੁਧੀਰ ਸਕਸੇਨਾ ਅਤੇ ਮੈਕਸ ਹਸਪਤਾਲ ਨੂੰ ਦੋਸ਼ੀ ਠਹਿਰਾਉਣ ਦਾ ਫ਼ੈਸਲਾ ਸਬੂਤਾਂ ਅਤੇ ਕਾਨੂੰਨ ਦੀ ਸਹੀ ਪਰਖ ’ਤੇ ਆਧਾਰਿਤ ਹੈ, ਜਿਸ ਵਿੱਚ ਕਿਸੇ ਦਖ਼ਲ ਦੀ ਲੋੜ ਨਹੀਂ ਹੈ।

Advertisement

ਕੀ ਸੀ ਪੂਰਾ ਮਾਮਲਾ?

ਸ਼ਿਕਾਇਤਕਰਤਾ ਪੂਜਾ ਗੁਪਤਾ ਅਨੁਸਾਰ, ਉਸ ਦੇ ਪਤੀ ਰਿਸ਼ੀ ਗੁਪਤਾ (43) ਨੂੰ 17 ਸਤੰਬਰ 2013 ਨੂੰ ਛਾਤੀ ਵਿੱਚ ਗੰਭੀਰ ਦਰਦ ਕਾਰਨ ਮੈਕਸ ਹਸਪਤਾਲ ਮੁਹਾਲੀ ਦੇ ਆਈ.ਸੀ.ਯੂ. (ICU) ਵਿੱਚ ਭਰਤੀ ਕਰਵਾਇਆ ਗਿਆ ਸੀ। ਰਿਸ਼ੀ ਦੀ 27 ਸਾਲ ਦੀ ਉਮਰ ਵਿੱਚ ਹੀ ਬਾਈਪਾਸ ਸਰਜਰੀ (CABG) ਹੋ ਚੁੱਕੀ ਸੀ। ਡਾ. ਸੁਧੀਰ ਸਕਸੇਨਾ ਨੇ ਉਸ ਨੂੰ ਪੇਸਮੇਕਰ ਲਗਾਉਣ ਦੀ ਸਲਾਹ ਦਿੱਤੀ ਅਤੇ 4 ਦਿਨਾਂ ਦੇ ਇਲਾਜ ਲਈ ਲਗਭਗ 5.5 ਲੱਖ ਰੁਪਏ ਦਾ ਪੈਕੇਜ ਤੈਅ ਕੀਤਾ ਗਿਆ।

Advertisement

ਪੂਜਾ ਦਾ ਦੋਸ਼ ਹੈ ਕਿ 20 ਸਤੰਬਰ ਨੂੰ 3 ਲੱਖ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਹੀ ਮਰੀਜ਼ ਨੂੰ ਸਰਜਰੀ ਲਈ ਲਿਜਾਇਆ ਗਿਆ। ਪੂਰੀ ਕਿੱਟ ਨਾ ਹੋਣ ਦੇ ਬਾਵਜੂਦ ਡਾਕਟਰ ਨੇ 45,000 ਰੁਪਏ ਦੀ ਕੀਮਤ ਵਾਲਾ ‘ਡਬਲ ਚੈਂਬਰ ਪੇਸਮੇਕਰ’ ਲਗਾ ਦਿੱਤਾ ਅਤੇ ਤੀਜੀ ਤਾਰ ਨਾ ਹੋਣ ਦਾ ਬਹਾਨਾ ਬਣਾ ਕੇ ‘ਅਪਰੇਸ਼ਨ ਅਧੂਰਾ’ ਛੱਡ ਦਿੱਤਾ। ਇਸ ਤੋਂ ਬਾਅਦ 22 ਸਤੰਬਰ ਨੂੰ ਦੂਜੀ ਸਰਜਰੀ ਕਰਕੇ 4,47,869 ਰੁਪਏ ਦੀ ਕੀਮਤ ਵਾਲਾ ‘ਬਾਈਵੈਂਟ੍ਰੀਕੁਲਰ ਪੇਸਮੇਕਰ’ ਲਗਾਇਆ ਗਿਆ, ਜੋ ਕਿ ਪਹਿਲਾਂ ਲਗਾਏ ਗ਼ਲਤ ਪੇਸਮੇਕਰ ਨੂੰ ਬਦਲਣ ਲਈ ਸੀ। 24 ਸਤੰਬਰ ਨੂੰ ਮਰੀਜ਼ ਨੂੰ ਦਰਦ ਹੋਣ ਦੇ ਬਾਵਜੂਦ ਜਲਦਬਾਜ਼ੀ ’ਚ ਛੁੱਟੀ ਦੇ ਦਿੱਤੀ ਗਈ। 27 ਸਤੰਬਰ ਨੂੰ ਰਿਸ਼ੀ ਗੁਪਤਾ ਨੂੰ ਮੁੜ ਗੰਭੀਰ ਹਾਰਟ ਅਟੈਕ ਆਇਆ, ਜਿਸ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

32.94 ਲੱਖ ਰੁਪਏ ਦਾ ਮੁਆਵਜ਼ਾ

ਗੰਭੀਰ ਮੈਡੀਕਲ ਲਾਪਰਵਾਹੀ, ਠੱਗੀ ਅਤੇ ਅਨੁਚਿਤ ਵਪਾਰਕ ਗਤੀਵਿਧੀਆਂ ਦਾ ਦੋਸ਼ ਲਗਾਉਂਦਿਆਂ ਪੀੜਤ ਪਤਨੀ ਨੇ 84.73 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। 4 ਮਈ 2017 ਨੂੰ ਰਾਜ ਕਮਿਸ਼ਨ ਨੇ ਡਾ. ਸੁਧੀਰ ਸਕਸੇਨਾ ਅਤੇ ਮੈਕਸ ਹਸਪਤਾਲ ਨੂੰ ਦੋਸ਼ੀ ਮੰਨਦਿਆਂ ਸ਼ਿਕਾਇਤਕਰਤਾ ਨੂੰ 9% ਵਪਾਰਕ ਵਿਆਜ ਸਮੇਤ 32,94,000 ਰੁਪਏ ਦਾ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਸਨ।

ਹਸਪਤਾਲ ਦਾ ਪੱਖ ਅਤੇ ਕਮਿਸ਼ਨ ਦੀ ਟਿੱਪਣੀ

ਹਸਪਤਾਲ ਨੇ ਆਪਣੀ ਸਫ਼ਾਈ ਵਿੱਚ ਕਿਹਾ ਸੀ ਕਿ ਮਰੀਜ਼ ਦੀ ਨਾਜ਼ੁਕ ਹਾਲਤ ਕਰਕੇ ਪ੍ਰਕਿਰਿਆ ਦੋ ਚਰਨਾਂ ਵਿੱਚ ਕੀਤੀ ਗਈ ਸੀ ਅਤੇ ਕੋਈ ਦੂਜਾ ਪੇਸਮੇਕਰ ਨਹੀਂ ਲਗਾਇਆ ਗਿਆ ਸੀ। ਬਿੱਲ ਵਿੱਚ ‘ਡਬਲ ਚੈਂਬਰ ਪੇਸਮੇਕਰ’ ਲਿਖਣਾ ਸਾਫ਼ਟਵੇਅਰ ਦੀ ਤਕਨੀਕੀ ਗ਼ਲਤੀ ਸੀ। ਉਨ੍ਹਾਂ ਪੀ.ਜੀ.ਆਈ. (PGIMER) ਚੰਡੀਗੜ੍ਹ ਦੇ ਮੈਡੀਕਲ ਬੋਰਡ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ।

ਹਾਲਾਂਕਿ, ਕੌਮੀਂ ਕਮਿਸ਼ਨ ਨੇ ਰਾਜ ਕਮਿਸ਼ਨ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਹਸਪਤਾਲ ਅਤੇ ਡਾਕਟਰ ਮੈਡੀਕਲ ਰਿਕਾਰਡਾਂ ਤੇ ਬਿੱਲਾਂ ਵਿੱਚ ਪਾਈਆਂ ਗਈਆਂ ਗੰਭੀਰ ਖਾਮੀਆਂ ਅਤੇ ਵਿਰੋਧਾਭਾਸਾਂ ਦਾ ਕੋਈ ਠੋਸ ਜਵਾਬ ਨਹੀਂ ਦੇ ਸਕੇ, ਜਿਸ ਕਰਕੇ ਉਨ੍ਹਾਂ ਦੀ ਮੈਡੀਕਲ ਲਾਪਰਵਾਹੀ ਪੂਰੀ ਤਰ੍ਹਾਂ ਸਿੱਧ ਹੁੰਦੀ ਹੈ।

Advertisement
×