ਵੱਖ-ਵੱਖ ਮਾਮਲਿਆਂ ਵਿੱਚ 3 ਵਿਅਕਤੀਆਂ ਵੱਲੋਂ ਖੁਦਕੁਸ਼ੀ
ਜ਼ੀਰਕਪੁਰ ਖੇਤਰ ਦੇ ਲੋਹਗੜ੍ਹ ਇਲਾਕੇ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਹਸਪਤਾਲ ਦੀ ਮੋਰਚਰੀ...
ਜ਼ੀਰਕਪੁਰ ਖੇਤਰ ਦੇ ਲੋਹਗੜ੍ਹ ਇਲਾਕੇ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਵਿਕਾਸ ਸਿੰਘ ਵਜੋਂ ਹੋਈ ਹੈ, ਜੋ ਕਿ ਲੋਹਗੜ੍ਹ ਦਾ ਰਹਿਣ ਵਾਲਾ ਸੀ ਅਤੇ ਦੋ ਦਿਨ ਪਹਿਲਾਂ ਹੀ ਇੱਥੇ ਕਿਰਾਏ ਦੇ ਕਮਰੇ ਵਿੱਚ ਰਹਿਣ ਲਈ ਆਇਆ ਸੀ। ਪੁਲੀਸ ਅਨੁਸਾਰ ਵਿਕਾਸ ਦਿਹਾੜੀਦਾਰ ਸੀ ਅਤੇ ਉਸ ਨੇ ਕਮਰੇ ਵਿੱਚ ਫਾਹਾ ਲੈ ਲਿਆ। ਸ਼ਾਮ ਕਰੀਬ 5 ਵਜੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਪੁਲੀਸ ਨੇ ਦੱਸਿਆ ਕਿ ਕਮਰੇ 'ਚੋਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ ਪਰ ਕੋਈ ਸੁਸਾਈਡ ਨੋਟ ਨਹੀਂ ਮਿਲਿਆ।
ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਲੋਹਗੜ੍ਹ ਦੀ ਗੋਲਡਨ ਇਨਕਲੇਵ ਕਲੋਨੀ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਵਾਲੇ ਸਤੀਸ਼ ਰਾਣਾ ਨੇ ਕਥਿਤ ਤੌਰ 'ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲੀਸ ਨੇ ਦੱਸਿਆ ਕਿ ਸਤੀਸ਼ ਇਸ ਸਮੇਂ ਆਪਣੇ ਪਰਿਵਾਰ ਨਾਲ ਜ਼ੀਰਕਪੁਰ ਵਿੱਚ ਰਹਿ ਰਿਹਾ ਸੀ ਪਰ ਉਹ ਮੂਲ ਰੂਪ ਵਿੱਚ ਜੀਂਦ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਦੱਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਉਧਰ ਡੇਰਾਬੱਸੀ ਨੇੜੇ ਹੈਬਤਪੁਰ ਰੋਡ ’ਤੇ ਸਥਿਤ ਗੁਲਮੋਹਰ ਸਿਟੀ ਐਕਸਟੈਂਸ਼ਨ ਹਾਊਸਿੰਗ ਸੁਸਾਇਟੀ ਦੀ ਛੇਵੀਂ ਮੰਜ਼ਿਲ ਤੋਂ ਐਤਵਾਰ ਸ਼ਾਮ ਨੂੰ ਇਕ 26 ਸਾਲਾ ਨੌਜਵਾਨ ਆਯੂਸ਼ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੀ ਭੈਣ ਅਤੇ ਜੀਜੇ ਨਾਲ ਰਹਿੰਦਾ ਸੀ। ਪੁਲੀਸ ਨੇ ਦੱਸਿਆ ਕਿ ਆਯੂਸ਼ ਬੀਤੀ ਦੇਰ ਸ਼ਾਮ ਛੇਵੀਂ ਮੰਜ਼ਿਲ 'ਤੇ ਗਿਆ ਅਤੇ ਉਥੋਂ ਹੇਠਾਂ ਛਾਲ ਮਾਰ ਦਿੱਤੀ।
ਇਲਾਕਾ ਨਿਵਾਸੀਆਂ ਦੀ ਮਦਦ ਨਾਲ ਉਸ ਨੂੰ ਤੁਰੰਤ ਡੇਰਾਬੱਸੀ ਦੇ ਸਬ ਡਿਵੀਜ਼ਨਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਨੇ ਜਾਂਚ ਆਰੰਭੀ ਹੈ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

