Mohali: ਸੈਨੇਟਾਈਜ਼ਰ ਪਾ ਕੇ ਨਾਬਾਲਗ ਲੜਕੀ ਨੂੰ ਅੱਗ ਲਗਾਉਣ ਦੇ ਦੋਸ਼ ਵਿੱਚ 24 ਸਾਲਾ ਨੌਜਵਾਨ ਗ੍ਰਿਫ਼ਤਾਰ
ਫੇਜ਼-1 ਪੁਲੀਸ ਨੇ ਕਈ ਧਾਰਾਵਾਂ ਤਹਿਤ ਕੇਸ ਕੀਤਾ ਦਰਜ
ਸ਼ੁੱਕਰਵਾਰ ਸਵੇਰੇ ਘਰ ਵਿੱਚ ਦਾਖਲ ਹੋ ਕੇ ਅੱਠਵੀਂ ਜਮਾਤ ਦੀ ਇੱਕ ਲੜਕੀ 'ਤੇ ਸੈਨੇਟਾਈਜ਼ਰ ਪਾ ਕੇ ਉਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ 24 ਸਾਲਾ ਨੌਜਵਾਨ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
17 ਸਾਲਾ ਪੀੜਤਾ ਗੰਭੀਰ ਰੂਪ ਵਿੱਚ ਝੁਲਸ ਗਈ ਹੈ ਅਤੇ ਉਸ ਨੂੰ ਇਲਾਜ ਲਈ ਪੀ ਜੀ ਆਈ (PGI) ਲਿਜਾਇਆ ਗਿਆ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੀੜਤਾ ਦੇ ਪਿਤਾ ਨੇ ਹਾਲ ਹੀ ਵਿੱਚ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਇੱਕ ਨੌਜਵਾਨ ਲੜਕਾ ਉਸ ਦੀ ਧੀ ਦਾ ਲਗਾਤਾਰ ਪਿੱਛਾ ਕਰ ਰਿਹਾ ਹੈ ਅਤੇ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ।
ਦੋਸ਼ ਹੈ ਕਿ ਸ਼ੁੱਕਰਵਾਰ ਸਵੇਰੇ, ਇੰਡਸਟਰੀਅਲ ਏਰੀਆ ਫੇਜ਼-7 ਦੇ ਰਹਿਣ ਵਾਲੇ ਮੁਲਜ਼ਮ ਦੀਪਕ ਅਤੇ ਉਸ ਦੇ ਦੋ ਰਿਸ਼ਤੇਦਾਰਾਂ ਨੇ ਫੇਜ਼-7 ਦੀ ਗੁਰੂ ਨਾਨਕ ਕਲੋਨੀ ਸਥਿਤ ਲੜਕੀ ਦੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਪੀੜਤਾ ਦੇ ਮਾਪਿਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਗੁੱਸੇ ਵਿੱਚ ਆ ਕੇ ਦੀਪਕ ਪਹਿਲੀ ਮੰਜ਼ਿਲ 'ਤੇ ਬਣੇ ਕਮਰੇ ਵੱਲ ਭੱਜਿਆ ਅਤੇ ਬੋਤਲ ਵਿੱਚੋਂ ਲੜਕੀ 'ਤੇ ਸੈਨੇਟਾਈਜ਼ਰ ਪਾ ਦਿੱਤਾ। ਉਸ ਨੇ ਕਮਰੇ ਨੂੰ ਅੰਦਰੋਂ ਬੰਦ ਕਰਕੇ ਪਿਛਲੇ ਦਰਵਾਜ਼ੇ ਤੋਂ ਫ਼ਰਾਰ ਹੋਣ ਤੋਂ ਪਹਿਲਾਂ ਲੜਕੀ ਨੂੰ ਅੱਗ ਲਗਾ ਦਿੱਤੀ।
ਪੀੜਤਾ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰ ਉੱਪਰ ਭੱਜੇ ਅਤੇ ਲੜਕੀ ਨੂੰ ਬਚਾਉਣ ਲਈ ਦਰਵਾਜ਼ਾ ਤੋੜ ਦਿੱਤਾ। ਉਸ ਨੂੰ ਫੇਜ਼-6 ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਅੱਗੇ ਦੇ ਇਲਾਜ ਲਈ ਪੀ ਜੀ ਆਈ ਰੈਫ਼ਰ ਕਰ ਦਿੱਤਾ ਗਿਆ।
ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਪੀੜਤਾ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਆਪਣੀ ਨਾਨੀ ਦੇ ਘਰ ਜਾ ਰਹੀ ਸੀ। ਲੜਕੀ ਮੁਤਾਬਕ, "ਰਸਤੇ ਵਿੱਚ ਮੈਂ ਲੜਕੇ ਦੇ ਘਰ ਗਈ ਸੀ ਜਿੱਥੇ ਸਾਡੀ 10-15 ਮਿੰਟ ਗੱਲਬਾਤ ਹੋਈ ਅਤੇ ਲੜਕੇ ਨੇ ਮੇਰੀ ਸਹਿਮਤੀ ਨਾਲ ਮੈਨੂੰ ਚੁੰਮਿਆ। ਬਾਅਦ ਵਿੱਚ, ਮੇਰੇ ਪਿਤਾ ਅਤੇ ਦਾਦੀ ਦੀਪਕ ਦੇ ਘਰ ਪਹੁੰਚ ਗਏ ਅਤੇ ਉਸ ਨੂੰ ਥੱਪੜ ਮਾਰਿਆ। ਦੀਪਕ ਉਦੋਂ ਮੌਕੇ ਤੋਂ ਭੱਜ ਗਿਆ ਸੀ ਪਰ ਮੇਰੇ ਘਰ ਮੇਰੇ 'ਤੇ ਹਮਲਾ ਕਰਨ ਲਈ ਬਾਅਦ ਵਿੱਚ ਵਾਪਸ ਆਇਆ।"
ਪੀੜਤਾ ਦੇ ਬਿਆਨ 'ਤੇ, ਫੇਜ਼-1 ਪੁਲੀਸ ਸਟੇਸ਼ਨ ਵਿਖੇ 21 ਅਗਸਤ ਨੂੰ ਕਤਲ ਦੀ ਕੋਸ਼ਿਸ਼, ਕਿਸੇ ਔਰਤ ਦੀ ਲਾਜ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਅਪਰਾਧਿਕ ਤਾਕਤ ਦੀ ਵਰਤੋਂ, ਘਰ ਵਿੱਚ ਗ਼ੈਰ-ਕਾਨੂੰਨੀ ਦਾਖ਼ਲੇ, ਜਾਨਬੁੱਝ ਕੇ ਸੱਟ ਪਹੁੰਚਾਉਣ ਅਤੇ ਪੋਸਕੋ (POCSO) ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

