ਵਪਾਰਕ ਥਾਵਾਂ ਤੋਂ 24 ਘਰੇਲੂ ਗੈਸ ਸਿਲੰਡਰ ਜ਼ਬਤ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 4 ਜੂਨ
ਹੋਟਲਾਂ, ਢਾਬਿਆਂ, ਰੈਸਤਰਾਂ, ਦੁਕਾਨਾਂ ਤੇ ਖੁਰਾਕੀ ਵਸਤਾਂ ਵਾਲੀਆਂ ਰੇਹੜੀਆਂ ’ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਨੂੰ ਸਖ਼ਤੀ ਨਾਲ ਰੋਕਣ ਲਈ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀਆਂ ਹਦਾਇਤਾਂ ’ਤੇ ਵੱਖ-ਵੱਖ ਥਾਵਾਂ ਉਤੇ ਵੱਡੇ ਪੱਧਰ ’ਤੇ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਵਪਾਰਕ ਥਾਵਾਂ ਤੋਂ 24 ਰਸੋਈ ਗੈਸ ਸਿਲੰਡਰ ਜ਼ਬਤ ਕੀਤੇ ਗਏ ਹਨ। ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਮੀਨਾਕਸ਼ੀ ਨੇ ਦੱਸਿਆ ਕਿ ਸਹਾਇਕ ਫੂਡ ਸਪਲਾਈ ਅਫ਼ਸਰ ਕੇਵਲ ਸਿੰਘ ਦੀ ਅਗਵਾਈ ਹੇਠਲੀਆਂ ਟੀਮਾਂ ਨੇ ਸਰਹਿੰਦ ਵਿਖੇ ਮਠਿਆਈ ਵਿਕੇਰਤਾਵਾਂ, ਢਾਬਿਆਂ, ਦੁਕਾਨਾਂ ਅਤੇ ਰੇਹੜੀਆਂ ਦੀ ਅਚਨਚੇਤ ਜਾਂਚ ਕੀਤੀ ਅਤੇ ਦੇਖਿਆ ਕਿ ਕਈ ਵਿਕਰੇਤਾ ਹਦਾਇਤਾਂ ਦੀ ਉਲੰਘਣਾ ਕਰਕੇ ਕਮਰਸ਼ੀਅਲ ਦੀ ਥਾਂ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਾਂ ਤੋਂ 12 ਗੈਸ ਸਿਲੰਡਰ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਜਨਾਲੀ ਵਿੱਚ ਚੈਕਿੰਗ ਦੌਰਾਨ ਦੋ ਦੁਕਾਨਦਾਰ ਘਰੇਲੂ ਗੈਸ ਸਿਲੰਡਰ ਤੋਂ ਛੋਟੇ ਸਿਲੰਡਰਾਂ ਵਿੱਚ ਗੈਸ ਤਬਦੀਲ ਕਰਦੇ ਕਾਬੂ ਕੀਤੇ ਗਏ। ਇਨ੍ਹਾਂ ਦੇ ਕਬਜ਼ੇ ਵਿੱਚੋਂ ਅੱਠ ਘਰੇਲੂ ਸਿਲੰਡਰ ਬਰਾਮਦ ਕੀਤੇ ਗਏ ਅਤੇ ਇੱਕ ਭਾਰ ਤੋਲਣ ਵਾਲਾ ਕੰਡਾ ਵੀ ਕਬਜ਼ੇ ਵਿੱਚ ਲਿਆ ਗਿਆ।