ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 10 ਜੁਲਾਈ
ਇਸ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕਰੋਨਾਵਾਇਰਸ ਤੋਂ ਪੀੜਤ 22 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲੋਕ ਭੈਅ-ਭੀਤ ਹਨ। ਇਸ ਤਰ੍ਹਾਂ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 361 ’ਤੇ ਪਹੁੰਚ ਗਈ ਹੈ, ਜਿਨ੍ਹਾਂ ’ਚੋਂ 98 ਨਵੇਂ ਕੇਸ ਐਕਟਿਵ ਹਨ। ਇਕ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਅੱਜ 22 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ, ਏਡੀਸੀ ਅਤੇ ਐੱਸਡੀਐੱਮ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਐੱਸਡੀਐੱਮ ਜਗਦੀਪ ਸਹਿਗਲ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰੀ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਜਿਹੜੇ ਪਾਜ਼ੇਟਿਵ ਆਏ ਹਨ, ਉਨ੍ਹਾਂ ਵਿੱਚ ਇੱਥੋਂ ਦੇ ਫੇਜ਼-4 ਦਾ 35 ਸਾਲਾ ਪੁਰਸ਼, ਸੈਕਟਰ-116 ਦਾ 32 ਸਾਲਾ ਪੁਰਸ਼ ਅਤੇ ਨਵਾਂ ਗਾਉਂ ਦਾ 19 ਸਾਲਾ ਨੌਜਵਾਨ ਅਤੇ 50 ਸਾਲ ਦੀ ਬਜ਼ੁਰਗ ਔਰਤ, 18, 25 ਤੇ 38 ਸਾਲ ਦੇ ਤਿੰਨ ਪੁਰਸ਼ ਵਾਸੀ ਪਿੰਡ ਮਜਾਤ ਅਤੇ ਪੰਜ ਖਰੜ ਦੇ ਮਰੀਜ਼ਾਂ ਵਿੱਚ ਤਿੰਨ ਸੰਨੀ ਐਨਕਲੇਵ ਅਤੇ ਦੋ ਗਿਲਕੋ ਵੈਲੀ ਦੇ ਵਸਨੀਕ ਹਨ। ਦੋ ਮਰੀਜ਼ ਬਲਟਾਣਾ, ਇਕ ਬਨੂੜ, ਦੋ ਡੇਰਾਬੱਸੀ ਅਤੇ ਚਾਰ ਜਵਾਹਰਪੁਰ ਅਤੇ ਇਕ ਮੁਬਾਰਕਪੁਰ ਦਾ ਮਰੀਜ਼ ਸ਼ਾਮਲ ਹੈ। ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 361 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ ਸੱਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਜ਼ੀਰਕਪੁਰ(ਹਰਜੀਤ ਸਿੰਘ): ਖੇਤਰ ਵਿੱਚ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਅੱਜ ਇਥੋਂ ਦੇ ਢਕੋਲੀ ਖੇਤਰ ਵਿੱਚ ਇਕ 55 ਸਾਲਾਂ ਵਿਅਕਤੀ ਦੀ ਕਰੋਨਾ ਨਾਲ ਮੌਤ ਹੋ ਗਈ। ਮ੍ਰਿਤਕ ਢਕੋਲੀ ਦੇ ਨਿਊ ਜਨਰੇਸ਼ਨ ਅਪਾਰਟਮੈਂਟ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਮ੍ਰਿਤਕ ਸ਼ੂਗਰ ਨਾਲ ਪੀੜਤ ਸੀ, ਜਿਸ ਨੂੰ ਬੀਤੇ ਦਿਨੀਂ ਤਬੀਅਤ ਵਿਗੜਨ ’ਤੇ ਬਨੂੜ ਗਿਆਨ ਸਾਗਰ ਹਸਪਤਾਲ ਦਾਖਲ ਕਰਵਾਇਆ ਸੀ, ਜਿਥੇ ਉਸ ਦੀ ਮੌਤ ਹੋ ਗਈ।