ਪੱਤਰ ਪ੍ਰੇਰਕ
ਚੰਡੀਗੜ੍ਹ, 7 ਮਈ
ਚੰਡੀਗੜ੍ਹ ਵਿੱਚ ਅੱਜ ਕਰੋਨਾਵਾਇਰਸ ਪੀੜਤ 8 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 890 ਹੋਰ ਵਿਅਕਤੀਆਂ ਨੂੰ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਕ ਸੈਕਟਰ 49 ਨਿਵਾਸੀ 52 ਸਾਲਾ ਔਰਤ, ਸੈਕਟਰ 26 ਨਿਵਾਸੀ 68 ਸਾਲਾ ਔਰਤ, ਸੈਕਟਰ 38 ਨਿਵਾਸੀ 35 ਸਾਲਾ ਔਰਤ ਦੀ ਪੀ.ਜੀ.ਆਈ. ਚੰਡੀਗੜ੍ਹ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਸੈਕਟਰ 21 ਨਿਵਾਸੀ 79 ਸਾਲਾ ਵਿਅਕਤੀ ਦੀ ਫੋਰਟਿਸ ਹਸਪਤਾਲ ਮੋਹਾਲੀ, ਸੈਕਟਰ 35 ਨਿਵਾਸੀ 84 ਸਾਲਾ ਔਰਤ ਅਤੇ ਸੈਕਟਰ 36 ਨਿਵਾਸੀ 96 ਸਾਲਾ ਔਰਤ ਦੀ ਇੰਡਸ ਸੁਪਰ ਸਪੈਸ਼ਿਲਿਟੀ ਹਸਪਤਾਲ ਮੋਹਾਲੀ, ਸੈਕਟਰ 21 ਨਿਵਾਸ 72 ਸਾਲਾ ਵਿਅਕਤੀ ਅਤੇ ਸੈਕਟਰ 45 ਨਿਵਾਸੀ 77 ਸਾਲਾ ਔਰਤ ਦੀ ਗ੍ਰੇਸ਼ੀਅਨ ਸੁਪਰ ਸਪੈਸ਼ਿਲਟੀ ਹਸਪਤਾਲ ਮੁਹਾਲੀ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਸਿਹਤਯਾਬ ਹੋਣ ਉਪਰੰਤ 797 ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਤੋਂ ਡਿਸਚਾਰਜ ਕੀਤਾ ਗਿਆ ਜਿਸ ਦੌਰਾਨ ਸ਼ਹਿਰ ਵਿੱਚ ਕੁੱਲ ਮਰੀਜ਼ਾਂ ਦਾ ਅੰਕੜਾ 8505 ਤੱਕ ਪੁੱਜ ਗਿਆ ਹੈ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕਰੋਨਾ ਮਹਾਮਾਰੀ ਦੇ 927 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 52 ਹਜ਼ਾਰ 857 ’ਤੇ ਪਹੁੰਚ ਗਈ ਹੈ। ਉਂਜ ਅੱਜ 781 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ 9 ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਅਤੇ ਹੁਣ ਤੱਕ 666 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਅੱਜ 629 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਜਿਸ ਵਿਚ ਪੰਚਕੂਲਾ ਜ਼ਿਲ੍ਹੇ ਦੇ 523 ਮਰੀਜ਼ ਸ਼ਾਮਲ ਸਨ। ਬਾਕੀ ਮਰੀਜ਼ ਗੁਆਂਢੀ ਰਾਜਾਂ ਦੇ ਜਾਂ ਜ਼ਿਲ੍ਹਿਆਂ ਦੇ ਹਨ। ਇੰਜ ਜ਼ਿਲ੍ਹੇ ਵਿੱਚ ਚਾਰ ਮੌਤਾਂ ਕਰੋਨਾ ਕਾਰਨ ਹੋਈਆਂ ਹਨ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਅੱਜ ਕਰੋਨਾ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 136 ਨਵੇਂ ਮਾਮਲੇ ਸਾਹਮਣੇ ਆਏ ਹਨ।