ਦੋ ਸ਼ੋਅਰੂਮਾਂ ਵਿੱਚ ਉਸਾਰੀਆਂ ਜਾ ਰਹੀਆਂ ਸਨ 20 ਦੁਕਾਨਾਂ

ਦੋ ਸ਼ੋਅਰੂਮਾਂ ਵਿੱਚ ਉਸਾਰੀਆਂ ਜਾ ਰਹੀਆਂ ਸਨ 20 ਦੁਕਾਨਾਂ

ਸ਼ੋਅਰੂਮ ਵਿੱਚ ਉਸਾਰੀਆਂ ਦੁਕਾਨਾਂ ਅੱਗੇ ਖੜ੍ਹੇ ਲੋਕ। -ਫੋਟੋ: ਰੂਬਲ

ਹਰਜੀਤ ਸਿੰਘ

ਡੇਰਾਬੱਸੀ, 24 ਸਤੰਬਰ

ਇਥੇ ਰਾਮਲੀਲਾ ਮੈਦਾਨ ਦੇ ਨੇੜੇ ਅੱਜ ਉਸਾਰੀ ਅਧੀਨ ਇਮਾਰਤ ਡਿੱਗਣ ਕਾਰਨ ਚਾਰ ਜਣਿਆਂ ਦੀ  ਮੌਤ ਹੋਈ ਹੈ।  ਇਹ ਕਥਿਤ ਨਾਜਾਇਜ਼ ਉਸਾਰੀ ਨਗਰ ਕੌਂਸਲ ਦੇ ਦਫਤਰ ਤੋਂ ਮਹਿਜ਼ 100 ਗਜ਼ ਦੀ ਦੂਰੀ ’ਤੇ ਹੋ ਰਹੀ ਸੀ। 

ਪ੍ਰਾਪਤ ਜਾਣਕਾਰੀ ਅਨੁਸਾਰ ਮੇਨ ਬਾਜ਼ਾਰ ਦੇ  ਨੇੜੇ ਰਿਹਾਇਸ਼ੀ ਖੇਤਰ ਵਿੱਚ ਦੋ ਭਰਾਵਾਂ ਦਾ ਸਾਂਝਾ ਪੁਰਾਣਾ ਮਕਾਨ ਸੀ ਜਿਨ੍ਹਾਂ ਨੇ ਘਰ ਦੇ  ਅਗਲੇ ਪਾਸੇ ਕੁੱਲ ਤਿੰਨ ਛੋਟੀਆਂ ਦੁਕਾਨਾਂ ਉਸਾਰੀਆਂ ਹੋਈਆਂ ਸਨ। ਇਨ੍ਹਾਂ ਦੁਕਾਨਾਂ ਦੇ ਨਕਸ਼ੇ  ਸਾਲ 2000 ਵਿੱਚ ਪਾਸ ਕਰਵਾਏ ਗਏ ਸਨ। ਦੋਵੇਂ ਭਰਾਵਾਂ ਵੱਲੋਂ ਹੁਣ ਆਪਣੇ ਪੁਰਾਣੇ ਘਰ ਤੋੜ  ਕੇ ਇਸ ਦੀ ਥਾਂ ਆਪਣੀ ਛੋਟੀਆਂ ਦੋ ਦੁਕਾਨਾਂ ਨਾਲ ਜੋੜ ਕੇ ਇਸ ਸਾਲ ਦੇ ਮਾਰਚ ਵਿੱਚ  ਨਗਰ ਕੌਂਸਲ ਤੋਂ ਦੋਵੇਂ ਦੁਕਾਨਾਂ ਦਾ ਨਕਸ਼ਾ ਰਿਵਿਊ ਕਰਵਾ ਕੇ 100-100 ਫੁੱਟ ਦੇ ਦੋ  ਸ਼ੋਅਰੂਮ ਪਾਸ ਕਰਵਾਏ ਗਏ ਸੀ ਜਦਕਿ ਦੋਵੇਂ ਦੁਕਾਨਾਂ ਦੇ ਵਿਚਕਾਰ ਸਥਿਤ ਤੀਜੀ ਦੁਕਾਨ ਨੂੰ  ਖ਼ਤਮ ਕਰ ਆਪਣੇ ਆਪਣੇ ਸ਼ੋਅਰੂਮ ਦੇ ਵਿਚਕਾਰ ਸਾਂਝੇ ਤੌਰ ’ਤੇ ਗਲੀ ਛੱਡ ਦਿੱਤੀ ਗਈ  ਸੀ। ਦੋਵਾਂ ਭਰਾਵਾਂ ਵੱਲੋਂ ਦੋ ਸ਼ੋਅਰੂਮਾਂ ਦੀ ਉਸਾਰੀ ਪੂਰੀ  ਹੋਣ ਮਗਰੋਂ ਹੁਣ ਵਿਚਕਾਰ ਛੱਡੀ ਗਲੀ ਵਾਲੇ ਪਾਸੇ ਆਪਣੇ-ਆਪਣੇ ਸ਼ੋਅਰੂਮ ਵਿੱਚ 10-10  ਦੁਕਾਨਾਂ ਕਥਿਤ ਤੌਰ ’ਤੇ ਨਾਜਾਇਜ਼ ਬਣਾਈਆਂ ਜਾ ਰਹੀਆਂ ਸਨ। 

ਮੌਕੇ ’ਤੇ ਇਕ ਭਰਾ ਦੇ 100 ਫੁੱਟ ਦੇ ਸ਼ੋਅਰੂਮ ਵਿੱਚ  ਦਸ ਦੁਕਾਨਾਂ ਬਣ ਕੇ ਤਿਆਰ ਹੋ ਗਈਆਂ ਸਨ ਜਦਕਿ ਦੂਜੇ ਭਰਾ ਦੀ ਇਮਾਰਤ ਦਾ ਕੰਮ ਜਾਰੀ ਸੀ।  ਇਸ ਦਾ ਲੈਂਟਰ ਖੋਲ੍ਹਦੇ ਹੋਏ ਇਹ ਹਾਦਸਾ ਵਾਪਰ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ  ਅੱਜ ਸਵੇਰ ਮਜ਼ਦੂਰ ਤਿਆਰ ਕੀਤੀ ਇਮਾਰਤ ਦੇ ਬਾਹਰਲੇ ਪਾਸੇ ਪੁਰਾਣੀ ਦੁਕਾਨ ਦੀ ਕੰਧ ਕੱਢ  ਰਹੇ ਸਨ ਜਿਸ ਦੌਰਾਨ ਇਮਾਰਤ ਡਿੱਗ ਪਈ। ਇਕ ਪਾਸੇ ਤਿਆਰ ਦਸ ਦੁਕਾਨਾਂ ਦਾ  ਬੇਸ ਵੀ ਕਮਜ਼ੋਰ ਹੋਣ ਕਾਰਨ ਉਸ ਵਿੱਚ ਤਰੇੜਾਂ ਪੈ ਗਈਆਂ ਸਨ ਜੋ ਕਦੇ ਵੀ ਢਹਿ ਸਕਦੀਆਂ ਹਨ।  ਮਾਲਕਾਂ ਵੱਲੋਂ ਜਿਥੇ ਦੋ ਸ਼ੋਅਰੂਮਾਂ ਵਿੱਚ 20 ਦੁਕਾਨਾਂ ਨਾਜਾਇਜ਼ ਤੌਰ ’ਤੇ ਤਿਆਰ ਕਰਵਾਈਆਂ  ਜਾ ਰਹੀਆਂ ਸਨ, ਉਥੇ 100 ਫੁੱਟ ਲੰਮੇ ਲੈਂਟਰ ਨੂੰ ਰੋਕਣ ਲਈ ਕੋਈ ਵੀ ਪਿੱਲਰ ਨਹੀਂ ਦਿੱਤਾ  ਗਿਆ ਸੀ ਸਗੋਂ ਇਮਾਰਤ ਬਣਾਉਣ ਲਈ ਪੁਰਾਣੀ ਇੱਟਾਂ ਦੀ ਕੱਧਾਂ ਕਰਨ ਤੋਂ ਇਲਾਵਾ ਸਰੀਆਂ ਵੀ  ਪੁਰਾਣੇ ਮਕਾਨਾਂ ਦਾ ਵਰਤੋਂ ਵਿੱਚ ਲਿਆਂਦਾ ਗਿਆ ਸੀ ਜੋ ਇਮਾਰਤ ਦਾ ਭਾਰ ਸਹਿ ਨਹੀਂ  ਸਕਿਆ।  

ਮਾਮਲੇ ਦੀ ਜਾਂਚ ਕਰਵਾਈ ਜਾਵੇਗੀ: ਕਾਰਜ ਸਾਧਕ ਅਫਸਰ

ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ ਨੇ  ਕਿਹਾ ਕਿ ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਇਮਾਰਤ ਦੇ ਨਕਸ਼ੇ ਪਾਸ ਹੋ ਚੁੱਕੇ ਸਨ। ਉਨ੍ਹਾਂ ਕਿਹਾ ਕਿ ਇਥੇ ਦੋ ਸ਼ੋਅਰੂਮਾਂ ਦੇ ਨਕਸ਼ੇ ਰਿਵਿਊ ਕਰਵਾਏ ਗਏ ਸਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ  ਇਥੇ ਕੁੱਲ 20 ਦੁਕਾਨਾਂ ਤਿਆਰ ਕੀਤੀ ਜਾ ਰਹੀਆਂ ਸਨ ਜੋ ਕਿ ਨਾਜਾਇਜ਼ ਸਨ। ਊਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਏਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All