ਸੰਜੀਵ ਬੱਬੀ
ਚਮਕੌਰ ਸਾਹਿਬ, 27 ਸਤੰਬਰ
ਪੰਜਾਬ ਸਰਕਾਰ ਚਮਕੌਰ ਸਾਹਿਬ ਦੇ 21 ਸਕੂਲਾਂ ਦੀ ਨੁਹਾਰ ਬਦਲਣ ਲਈ 20 ਕਰੋੜ ਰੁਪਏ ਖਰਚ ਕਰੇਗੀ ਅਤੇ ਇਨ੍ਹਾਂ ਸਕੂਲਾਂ ਦੀ ਸੂਚੀ ਵੀ ਤਿਆਰ ਕਰ ਲਈ ਗਈ ਹੈ। ਇਹ ਦਾਅਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਅਜਿਹੇ ਕਈ ਸਕੂਲ ਹਨ, ਜਨਿ੍ਹਾਂ ਦੀ ਚਾਰ ਦੀਵਾਰੀ ਨਹੀਂ ਜਾਂ ਸਕੂਲ ਦੀ ਛੱਤ ਹੈ ਹੀ ਨਹੀਂ ਅਤੇ ਇਮਾਰਤਾਂ ਖੰਡਰ ਬਣ ਗਈਆਂ ਹਨ। ਇਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਦੀ ਪਹਿਲ ਦੇ ਆਧਾਰ ’ਤੇ ਨੁਹਾਰ ਬਦਲ ਕੇ ਸ਼ਾਨਦਾਰ ਇਮਾਰਤਾਂ ਬਣਾਈਆਂ ਜਾਣਗੀਆਂ। ਹੁਣ ਸਰਕਾਰੀ ਸਕੂਲਾਂ ਦੇ ਨਤੀਜੇ ਜਿੱਥੇ ਵਧੀਆ ਆ ਰਹੇ ਹਨ, ਉੱਥੇ ਹੀ ਅਧਿਆਪਕ ਵੀ ਬੱਚਿਆਂ ਨੂੰ ਮਿਹਨਤ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਸ੍ਰੀ ਬੈਂਸ ਨੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦੀ ਸ਼ਲਾਘਾ ਕੀਤੀ। ਮੰਤਰੀ ਨੇ ਚਮਕੌਰ ਸਾਹਿਬ-ਬੇਲਾ ਸੜਕ ’ਤੇ ਬਣ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦਾ ਜਾਇਜ਼ਾ ਲੈਂਦਿਆ ਅਧਿਕਾਰੀਆਂ ਤੋਂ ਸਮੁੱਚੀ ਰਿਪੋਰਟ ਵੀ ਹਾਸ਼ਲ ਕੀਤੀ। ਇਸ ਮੌਕੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ, ਨਗਰ ਕੌਂਸਲ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਦਰਸ਼ਨ ਵਰਮਾ, ਸ਼ਮਸ਼ੇਰ ਸਿੰਘ ਮੰਗੀ, ਸੁਖਵੀਰ ਸਿੰਘ, ਰਵਿੰਦਰ ਸਿੰਘ, ਅਵਤਾਰ ਸਿੰਘ ਅਤੇ ਕੁਲਵੀਰ ਸਿੰਘ ਹਾਜ਼ਰ ਸਨ।