ਸਿੱਖ ਇਤਿਹਾਸ ’ਚ 1984 ਅਹਿਮ ਸਮਾਂ: ਜਥੇਦਾਰ
‘ਸਿੱਖ ਯਾਦ ਵਿਚ 1984’ ਵਿਸ਼ੇ ’ਤੇ ਕੌਮਾਂਤਰੀ ਸੈਮੀਨਾਰ ਕਰਵਾਇਆ; ’84 ਦੀਆਂ ਘਟਨਾਵਾਂ ਦਾ ਸਿੱਖਾਂ ਦੇ ਜੀਵਨ ’ਤੇ ਡੂੰਘਾ ਅਸਰ: ਪ੍ਰਿਤਪਾਲ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ‘ਸਿੱਖ ਯਾਦ ਵਿਚ 1984’ ਵਿਸ਼ੇ ਅਧੀਨ ਦੋ ਰੋਜ਼ਾ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਵਾਈਸ ਚਾਂਸਲਰ ਪ੍ਰੋ. (ਡਾ.) ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਦਾ ਉਦੇਸ਼ ਜੂਨ ਅਤੇ ਨਵੰਬਰ 1984 ਵਿਚ ਵਾਪਰੇ ਘਟਨਾਕ੍ਰਮਾਂ ਨੂੰ ਸਾਹਿਤ, ਦਰਸ਼ਨ, ਫਿਲਮਕਾਰੀ ਅਤੇ ਇਤਿਹਾਸ ਲਿਖਣ ਵਿਚ ਕਿਵੇਂ ਯਾਦ ਰੱਖਿਆ ਗਿਆ ਹੈ, ਉੱਤੇ ਅਕਾਦਮਿਕ ਵਿਚਾਰ-ਵਟਾਂਦਰਾ ਕਰਨਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਸਿੱਖਾਂ ਦੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਦੇ ਹਰ ਪੱਖ ਉੱਤੇ ਡੂੰਘਾ ਅਸਰ ਪਾਇਆ ਹੈ ਅਤੇ ਇਸ ਅਸਰ ਦਾ ਮੁਲਾਂਕਣ ਕਰਨਾ ਅਕਾਦਮਿਕ ਜਗਤ ਦਾ ਫਰਜ਼ ਹੈ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਨਾਲ ਸਬੰਧਿਤ ਇੱਕ ਵਿਸ਼ੇਸ਼ ਮੋਬਾਈਲ ਐਪ ਵੀ ਰਿਲੀਜ਼ ਕੀਤੀ।
ਸੈਮੀਨਾਰ ਦੇ ਮੁੱਖ-ਮਹਿਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ 1984 ਬਹੁਤ ਅਹਿਮ ਅਤੇ ਵਿਲੱਖਣ ਸਮਾਂ ਹੈ ਜਿਸ ਵਿਚ ਪੀੜ ਅਤੇ ਸਵੈ-ਮਾਣ ਇੱਕੋ ਵਾਰੀ ਮੌਜੂਦ ਹਨ। ਉਨ੍ਹਾਂ ਆਖਿਆ ਕਿ 1984 ਦੀਆਂ ਘਟਨਾਵਾਂ ਨੇ ਸਿੱਖਾਂ ਅੰਦਰ ਧਰਮ ਲਈ ਕੁਰਬਾਨੀ ਅਤੇ ਸੱਚ ਲਈ ਡਟ ਕੇ ਖੜ੍ਹਨ ਦੀ ਭਾਵਨਾ ਨੂੰ ਮੁੜ ਸੁਰਜੀਤ ਕੀਤਾ ਹੈ। ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ 1984 ਦੀਆਂ ਘਟਨਾਵਾਂ ਦੀ ਤੁਲਨਾ 18ਵੀਂ ਸਦੀ ਦੇ ਘੱਲੂਘਾਰਿਆਂ ਨਾਲ ਕਰਦਿਆਂ ਇਸ ਵਿਸ਼ੇ ਉੱਤੇ ਅਕਾਦਮਿਕ ਸੈਮੀਨਾਰਾਂ ਨੂੰ ਲਗਾਤਾਰ ਜਾਰੀ ਰੱਖਣ ਦੀ ਪ੍ਰੇਰਨਾ ਕੀਤੀ। ਉਦਘਾਟਨੀ ਭਾਸ਼ਣ ’ਚ ਪ੍ਰੋ. ਹਰਪਾਲ ਸਿੰਘ ਪੰਨੂ ਨੇ 1984 ਨਾਲ ਜੁੜੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ। ਬੁਲਾਰਿਆਂ ’ਚ ਪ੍ਰੋ. ਸਵਰਾਜ ਰਾਜ, ਪ੍ਰੋ. ਹਰਜਿੰਦਰ ਸਿੰਘ ਵਾਲੀਆ ਅਤੇ ਪ੍ਰੋ. ਗੁਰਨਾਮ ਕੌਰ ਵੱਲੋਂ 1984 ਦੇ ਵੱਖ-ਵੱਖ ਪਹਿਲੂਆਂ ਉੱਤੇ ਚਾਨਣਾ ਪਾਇਆ। ਸੈਮੀਨਾਰ ਦੌਰਾਨ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕਿਤਾਬ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਮੁਖੀ ਸ੍ਰੋਤ’, ਸੰਪਾਦਕ- ਹਰਪ੍ਰੀਤ ਸਿੰਘ ਨਾਜ਼, ਜੋਗਿੰਦਰ ਸਿੰਘ ਅਤੇ ਅਮਨ ਸਿੰਘ ਰਿਲੀਜ਼ ਕੀਤੀ ਗਈ।

