ਕੁਲਦੀਪ ਸਿੰਘ
ਚੰਡੀਗੜ੍ਹ, 9 ਜੁਲਾਈ
ਯੂਟੀ ਪ੍ਰਸ਼ਾਸਨ ਵੱਲੋਂ ਕੋਵਿਡ-19 ਖ਼ਿਲਾਫ਼ ਵਰਤੀ ਜਾ ਰਹੀ ਇਹਤਿਆਤ ਦੇ ਬਾਵਜੂਦ ਸ਼ਹਿਰ ਵਿੱਚ ਕਰੋਨਾ ਦੇ ਕੇਸ ਵੱਧਦੇ ਜਾ ਰਹੇ ਹਨ। ਅੱਜ ਸ਼ਹਿਰ ਵਿੱਚ 16 ਵਿਅਕਤੀ ਵਾਇਰਸ ਦੀ ਲਪੇਟ ਵਿੱਚ ਆਏ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 523 ਹੋ ਗਿਆ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 113 ਹੈ।
ਯੂਟੀ ਸਿਹਤ ਵਿਭਾਗ ਮੁਤਾਬਕ ਸੈਕਟਰ 55 ਦੇ ਦੋ ਵਿਅਕਤੀ, ਸੈਕਟਰ 38 ਦੇ ਇਕ ਲੜਕੇ ਸਮੇਤ ਤਿੰਨ ਔਰਤਾਂ ਅਤੇ ਇਕ ਨੌਜਵਾਨ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਸੇ ਤਰ੍ਹਾਂ ਸੈਕਟਰ-51 ਦੀ ਬਿਰਧ ਔਰਤ, ਸੈਕਟਰ 34 ਦਾ ਇਕ ਨੌਜਵਾਨ, ਇਕ ਮੁਟਿਆਰ ਤੇ ਇਕ ਔਰਤ, ਸੈਕਟਰ 40 ਵਿੱਚੋਂ 11 ਸਾਲਾਂ ਦੀ ਲੜਕੀ, ਮਨੀਮਾਜਰਾ ਵਿਚ ਰਹਿਣ ਵਾਲੀ 8 ਮਹੀਨਿਆਂ ਦੀ ਬੱਚੀ ਅਤੇ 17 ਸਾਲਾਂ ਦੀ ਮੁਟਿਆਰ ਸਮੇਤ 32 ਸਾਲਾਂ ਦੀ ਔਰਤ, ਸੈਕਟਰ 52 ਦਾ ਨੌਜਵਾਨ, ਸੈਕਟਰ 19 ਦਾ 45 ਸਾਲਾਂ ਦਾ ਪੁਰਸ਼, ਸੈਕਟਰ 27 ਦਾ 37 ਸਾਲਾਂ ਦਾ ਵਸਨੀਕ ਕਰੋਨਾ ਮਰੀਜ਼ਾਂ ਵਿੱਚ ਸ਼ਾਮਲ ਹਨ। ਇਸੇ ਦੌਰਾਨ ਮਲੋਆ ਵਾਸੀ ਵਿਅਕਤੀ ਨੂੰ ਅੱਜ ਸ੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਤੇ ਹਸਪਤਾਲ ਤੋਂ ਡਿਸਚਾਰਜ ਕਰਕੇ ਸੂਦ ਧਰਮਸ਼ਾਲਾ ਵਿੱਚ ਇਕਾਂਤਵਾਸ ਕੀਤਾ ਗਿਆ ਹੈ।
ਚੰਡੀਗੜ੍ਹ ਵਿੱਚ ਹੁਣ ਤੱਕ ਕਰੋਨਾ ਦੇ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ। ਤੰਦਰੁਸਤ ਹੋਏ ਵਿਅਕਤੀਆਂ ਦੀ ਗਿਣਤੀ 403 ਹੈ ਅਤੇ ਐਕਟਿਵ ਕੇਸ 113 ਹਨ।
ਵਾਇਰਸ ਕਾਰਨ ਔਰਤ ਦੀ ਮੌਤ
ਖਮਾਣੋਂ (ਜਗਜੀਤ ਕੁਮਾਰ): ਨਜ਼ਦੀਕੀ ਪਿੰਡ ਭਾਂਬਰੀ ਦੀ ਵਸਨੀਕ ਕੁਲਵੰਤ ਕੌਰ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਊਸ ਨੇ ਚੰਡੀਗੜ੍ਹ ਦੇ ਸੈਕਟਰ- 32 ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਭਜਨ ਰਾਮ ਅਤੇ ਡਾ. ਨਰੇਸ਼ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਹਿਲਾ ਦੇ ਕਰੋਨਾ ਪਾਜ਼ੇਟਿਵ ਹੋਣ ਸਬੰਧੀ ਅੱਜ ਹੀ ਪਤਾ ਲੱਗਾ ਹੈ ਅਤੇ ਸਿਹਤ ਵਿਭਾਗ ਕੋਲ ਸਿੱਧੇ ਤੌਰ ’ਤੇ ਇਸ ਮਹਿਲਾ ਸਬੰਧੀ ਜਾਣਕਾਰੀ ਨਹੀਂ ਹੈ। ਇਹ ਮਹਿਲਾ 4 ਜੁਲਾਈ ਨੂੰ ਖਮਾਣੋਂ ਦੇ ਪ੍ਰਾਈਵੇਟ ਹਸਪਤਾਲ ’ਚ ਸਾਹ ਦੀ ਤਕਲੀਫ਼ ਕਾਰਨ ਆਈ ਸੀ ਜਿੱਥੋਂ ਊਸ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਸੀ। ਇਸ ਔਰਤ ਦਾ ਸਸਕਾਰ ਚੰਡੀਗੜ੍ਹ ਵਿਚ ਕਰ ਦਿੱਤਾ ਗਿਆ ਹੈ।
ਕੁਰਾਲੀ (ਮਿਹਰ ਸਿੰਘ): ਸ਼ਹਿਰ ਵਿੱਚ ਦੋ ਹੋਰ ਕਰੋਨਾ ਕੇਸਾਂ ਨੇ ਦਸਤਕ ਦਿੱਤੀ ਹੈ। ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਊਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਵੇਰਵਿਆਂ ਅਨੁਸਾਰ ਵਾਰਡ ਨੰਬਰ 15 ਡੀਏਵੀ ਸਕੂਲ ਨੇੜੇ ਰਮੇਸ਼ ਕੁਮਾਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 4 ਦੀ ਔਰਤ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।
ਮੁਹਾਲੀ ਵਿੱਚ ਕਰੋਨਾ ਦੇ 9 ਨਵੇਂ ਮਾਮਲੇ
ਮੁਹਾਲੀ ( ਦਰਸ਼ਨ ਸਿੰਘ ਸੋਢੀ): ਮੁਹਾਲੀ ਵਿੱਚ ਵੀਰਵਾਰ ਨੂੰ ਕਰੋਨਾਵਾਇਰਸ ਤੋਂ ਪੀੜਤ 9 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 340 ਹੋ ਗਈ ਹੈ। ਇਨ੍ਹਾਂ ’ਚੋਂ 81 ਨਵੇਂ ਕੇਸ ਐਕਟਿਵ ਹਨ। ਇਸੇ ਦੌਰਾਨ ਅੱਜ ਪੰਜ ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰ ਪਰਤ ਆਏ ਹਨ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਅੱਜ 9 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਸਵੇਰੇ ਛੇ ਮਰੀਜ਼ ਅਤੇ ਸ਼ਾਮ ਨੂੰ ਤਿੰਨ ਹੋਰ ਨਵੇਂ ਕੇਸ ਆਏ ਹਨ। ਇਨ੍ਹਾਂ ਵਿੱਚ ਇੱਥੋਂ ਦੇ ਫੇਜ਼-10 ਦੀ 48 ਸਾਲਾਂ ਦੀ ਔਰਤ ਅਤੇ ਫੇਜ਼-9 ਦੀ 52 ਸਾਲਾਂ ਦੀ ਔਰਤ ਅਤੇ 32 ਸਾਲਾਂ ਦਾ ਪੁਰਸ਼ ਸ਼ਾਮਲ ਹਨ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਸੈਨੇਟਾਈਜ਼ ਕੀਤਾ: ਮੁਹਾਲੀ ਦੇ ਐੱਸਡੀਐਮ ਜਗਦੀਪ ਸਹਿਗਲ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਸਿਹਤ ਵਿਭਾਗ ਨੇ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਦਫ਼ਤਰਾਂ ਵਿੱਚ ਤਾਇਨਾਤ ਸਟਾਫ਼ ਮੈਂਬਰਾਂ ਦੇ ਨਮੂਨੇ ਜਾਂਚ ਲਈ ਭੇਜੇ ਹਨ। ਸਵੇਰੇ ਦਫ਼ਤਰ ਖੁੱਲ੍ਹਣ ਤੋਂ ਪਹਿਲਾਂ ਸਮੁੱਚੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਸੈਨੇਟਾਈਜ਼ ਕੀਤਾ ਗਿਆ। ਉਧਰ, ਪੰਜਾਬ ਪੁਲੀਸ ਦੇ ਸਾਬਕਾ ਪੁਲੀਸ ਅਧਿਕਾਰੀ ਦੀ ਪਤਨੀ, ਜੋ ਕਿ ਸਿੱਖਿਆ ਬੋਰਡ ਵਿੱਚ ਨੌਕਰੀ ਕਰਦੀ ਹੈ, ਦੀ ਰਿਪੋਰਟ ਪਾਜ਼ੇਟਿਵ ਆਉਣ ਸਿੱਖਿਆ ਭਵਨ ਦੇ ਮੁਲਾਜ਼ਮ ਸਹਿਮੇ ਹੋਏ ਹਨ। ਇਸ ਤੋਂ ਪਹਿਲਾਂ ਮਹਿਲਾ ਅਧਿਕਾਰੀ ਦਾ ਬੇਟਾ ਕਰੋਨਾ ਤੋਂ ਪੀੜਤ ਸੀ। ਮਹਿਲਾ ਅਧਿਕਾਰੀ ਬੀਤੀ 17 ਜੂਨ ਤੋਂ ਛੁੱਟੀ ’ਤੇ ਚੱਲ ਰਹੀ ਹੈ।
ਪੀਜੀਆਈ ’ਚ ਦਾਖਲ ਬਿਰਧ ਕਰੋਨਾ ਪਾਜ਼ੇਟਿਵ
ਚੰਡੀਗੜ੍ਹ: ਪੀਜੀਆਈ ਦੇ ਐਮਰਜੈਂਸੀ ਵਿਭਾਗ ਵਿੱਚ ਸ਼ਿਫ਼ਟ ਕੀਤੇ 70 ਸਾਲਾਂ ਦੇ ਬਿਰਧ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਸ ਉਪਰੰਤ ਪੀਜੀਆਈ ਪ੍ਰਬੰਧਕਾਂ ਨੇ 20 ਹੈਲਥ ਵਰਕਰਾਂ ਅਤੇ ਚਾਰ ਨਰਸਿੰਗ ਅਫ਼ਸਰਾਂ ਨੂੰ ਇਕਾਂਤਵਾਸ ’ਚ ਭੇਜ ਦਿੱਤਾ ਹੈ। ਵੇਰਵਿਆਂ ਅਨੁਸਾਰ ਜ਼ਿਲ੍ਹਾ ਰੋਪੜ ਦੇ ਪਿੰਡ ਸ਼ੇਖਪੁਰ ਨਿਵਾਸੀ ਬਿਰਧ 6 ਜੁਲਾਈ ਨੂੰ ਨਿਊਰੋ ਸਰਜੀਕਲ ਸਮੱਸਿਆ ਕਾਰਨ ਪੀਜੀਆਈ ਵਿੱਚ ਦਾਖਲ ਕੀਤਾ ਗਿਆ ਸੀ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਐਮਰਜੈਂਸੀ ਵਿੱਚ ਸ਼ਿਫ਼ਟ ਕਰਨਾ ਪਿਆ ਤੇ ਊਸ ਦੇ ਕਰੋਨਾ ਸੈਂਪਲ ਲਏ ਗਏ। ਅੱਜ ਉਸ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਜਿਸ ਉਪਰੰਤ ਉਸ ਨੂੰ ਨਹਿਰੂ ਹਸਪਤਾਲ ਐਕਸਟੈਂਸ਼ਨ ਦੇ ਆਈ.ਸੀ.ਯੂ. ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ