ਪ੍ਰਸ਼ਾਸਨ ਵੱਲੋਂ ਨਗਰ ਨਿਗਮ ਨੂੰ 130 ਕਰੋੜ ਦੀ ਗਰਾਂਟ

ਪ੍ਰਸ਼ਾਸਨ ਵੱਲੋਂ ਨਗਰ ਨਿਗਮ ਨੂੰ 130 ਕਰੋੜ ਦੀ ਗਰਾਂਟ

ਖੇਤਰੀ ਪ੍ਰਤੀਨਿਧ

ਚੰਡੀਗੜ੍ਹ, 15 ਜਨਵਰੀ

ਚੰਡੀਗੜ੍ਹ ਅਧੀਨ ਕੀਤੇ ਗਏ ਨਵੇਂ 13 ਪਿੰਡਾਂ ਦੀ ਨੁਹਾਰ ਛੇਤੀ ਬਦਲੇਗੀ। ਪ੍ਰਸਾਸ਼ਨ ਵੱਲੋਂ ਇਨ੍ਹਾਂ ਪਿੰਡਾਂ ਦੇ ਵਿਕਾਸ ਲਈ ਫੰਡ ਜਾਰੀ ਕਰਨ ਲਈ ਹਾਮੀ ਭਰ ਦਿੱਤੀ ਗਈ ਹੈ। ਚੰਡੀਗੜ੍ਹ ਦੇ ਨਵੇਂ ਚੁਣੇ ਗਏ ਮੇਅਰ ਰਵੀ ਕਾਂਤ ਸ਼ਰਮਾ ਨੇ ਆਰਥਿਕ ਸੰਕਟ ਦੇ ਦੌਰ ਵਿਚੋਂ ਲੰਘ ਰਹੀ ਨਗਰ ਨਿਗਮ ਲਈ ਮਾਲੀਆ ਪੈਦਾ ਕਰਨ ਸਬੰਧੀ ਅੱਜ ਚੰਡੀਗੜ੍ਹ ਪ੍ਰਸਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ ਨਾਲ ਮੁਲਾਕਾਤ ਕੀਤੀ। ਸ੍ਰੀ ਪਰੀਦਾ ਨੇ ਸ਼ਹਿਰ ਦੇ ਵਿਕਾਸ ਲਈ ਇੱਕ ਸੌ ਕਰੋੜ ਰੁਪਏ ਅਤੇ ਪਿੰਡਾਂ ਦੇ ਵਿਕਾਸ ਲਈ 30 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ।

ਮੇਅਰ ਰਵੀ ਕਾਂਤ ਸ਼ਰਮਾ ਨੇ ਦੱਸਿਆ ਕਿ ਸ੍ਰੀ ਪਰੀਦਾ ਨਾਲ ਮੀਟਿੰਗ ਸਫਲ ਰਹੀ ਹੈ। ਮੀਟਿੰਗ ਦੌਰਾਨ ਸ੍ਰੀ ਪਰੀਦਾ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਮੌਜੂਦਾ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਿੱਤੀ ਵਰ੍ਹੇ ਲਈ ਨਿਗਮ ਨੂੰ ਚੰਡੀਗੜ੍ਹ ਸ਼ਹਿਰ ਲਈ 100 ਕਰੋੜ ਰੁਪਏ ਸਮੇਤ ਪਿੰਡਾਂ ਦੇ ਵਿਕਾਸ ਲਈ 30 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਦੇ ਮਨਜੂਰੀ ਦੇ ਦਿੱਤੀ ਹੈ। ਪਿੰਡਾਂ ਦੇ ਵਿਕਾਸ ਲਈ ਬਾਕੀ ਦੀ ਰਕਮ ਅਗਲੇ ਵਿੱਤੀ ਵਰ੍ਹੇ ਜਾਰੀ ਕੀਤੀ ਜਾਵੇਗਾ। ਮੇਅਰ ਨੇ ਦੱਸਿਆ ਕਿ ਸ੍ਰੀ ਪਰੀਦਾ ਨੇ ਵਾਰਡ ਵਿਕਾਸ ਫੰਡ ਲਈ ਹਰ ਨਿਗਮ ਕੌਂਸਲਰ ਨੂੰ 80 ਲੱਖ ਰੁਪਏ ਦਾ ਅਖਤਿਆਰੀ ਫੰਡ ਦੇਣ ਬਾਰੇ ਵੀ ਚਰਚਾ ਕੀਤੀ। ਮੀਟਿੰਗ ਦੌਰਾਨ ਇਥੇ ਮਨੀਮਾਜਰਾ ਸਥਿਤ ਕਲਾ ਗ੍ਰਾਮ ਨੂੰ ਨਿਗਮ ਵੱਲੋਂ ਪ੍ਰਦਰਸ਼ਨੀਆਂ ਲਈ ਕਿਰਾਏ ’ਤੇ ਦੇਣ ਲਈ ਵੀ ਸਹਿਮਤੀ ਬਣੀ। ਇਸੇ ਤਰ੍ਹਾਂ ਸੈਕਟਰ 8 ਸਮੇਤ ਸੈਕਟਰ-17 ਦੀਆਂ ਅੰਡਰਗਰਾਊਂਡ ਪਾਰਕਿੰਗਾਂ ਦੀ ਮੁਰੰਮਤ ਤੇ ਪਾਰਕਿੰਗਾਂ ਨੂੰ ਚਾਲੂ ਕਰਨ ਸਮੇਤ ਸ਼ਹਿਰ ਵਿੱਚ ਦੋ ਹੋਰ ਪੈਟਰੋਲ ਪੰਪ ਸ਼ੁਰੂ ਕਰਨ ’ਤੇ ਵੀ ਵਿਚਾਰ ਵਟਾਂਦਰਾ ਹੋਇਆ। ਮੀਟਿੰਗ ਵਿੱਚ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਵੀ ਹਾਜ਼ਰ ਸਨ।

ਆਰਐਲਏ ਦੀ ਕਮਾਈ ਜਾਵੇਗੀ ਨਿਗਮ ਦੇ ਖਾਤੇ ਵਿੱਚ

ਅਗਲੇ ਵਿੱਤੀ ਵਰ੍ਹੇ ਤੋਂ ਚੰਡੀਗੜ੍ਹ ਦੇ ਵਾਹਨ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐਲਏ) ਤੋਂ ਹੋਣ ਵਾਲੀ ਕਮਾਈ ਚੰਡੀਗੜ੍ਹ ਨਗਰ ਨਿਗਮ ਹਵਾਲੇ ਕਰ ਦਿੱਤੀ ਜਾਵੇਗੀ। ਇਸ ਬਾਰੇ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਗਈ ਹੈ। ਮੇਅਰ ਰਵੀ ਕਾਂਤ ਸ਼ਰਮਾ ਨੇ ਦੱਸਿਆ ਕਿ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੇ ਅਗਲੇ ਵਿੱਤੀ ਵਰ੍ਹੇ ਤੋਂ ਆਰਐਲਏ ਤੋਂ ਹੋਣ ਵਾਲੀ ਕਮਾਈ ਨਿਗਮ ਹਵਾਲੇ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਇਸ ਨਾਲ ਨਗਰ ਨਿਗਮ ਨੂੰ ਹਰ ਸਾਲ 300 ਕਰੋੜ ਰੁਪਏ ਦੀ ਵਾਧੂ ਕਮਾਈ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All