ਮੁਹਾਲੀ ਜ਼ਿਲ੍ਹੇ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ 1175 ਉਮੀਦਵਾਰਾਂ ਵਿਚੋਂ 114 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ ਹਨ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ 1061 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਰੁਸਤ ਪਾਈਆਂ ਗਈਆਂ ਹਨ। ਨਗਰ ਕੌਂਸਲ ਲਾਲੜੂ ਵਿੱਚ 23 ਨਾਮਜ਼ਦਗੀਆਂ ਅਤੇ ਨਗਰ ਕੌਂਸਲ ਕੁਰਾਲੀ ਵਿੱਚ ਸੱਤ, ਨਵਾਂ ਗਰਾਉਂ ਵਿੱਚ 10 ਨਾਮਜ਼ਦੀਆਂ ਰੱਦ ਕੀਤੀਆਂ ਗਈਆਂ ਹਨ।
ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ 26 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ 324 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਸਨ, ਜਿਨ੍ਹਾਂ ਦੀ ਪੜਤਾਲ ਦਾ ਕੰਮ ਅੱਜ ਮੁਕੰਮਲ ਹੋ ਗਿਆ। ਲੋੜੀਂਦੇ ਦਸਤਾਵੇਜ਼ਾਂ ਦੀ ਘਾਟ ਕਾਰਨ 13 ਨਾਮਜ਼ਦਗੀਆਂ ਰੱਦ ਹੋ ਗਈਆਂ, ਜਦੋਂ ਕਿ 311 ਨਾਮਜ਼ਦਗੀਆਂ ਦਰੁਸਤ ਪਾਈਆਂ ਗਈਆਂ। ਨਾਮਜ਼ਦਗੀਆਂ 20 ਮਈ ਨੂੰ ਵਾਪਸ ਲਈਆਂ ਜਾ ਸਕਣਗੀਆਂ ਅਤੇ ਵੋਟਾਂ 26 ਮਈ ਨੂੰ ਸਵੇਰੇ ਅੱਠ ਵਜੇ ਤੋਂ ਸ਼ਾਮੀਂ ਪੰਜ ਵਜੇ ਤੱਕ ਬੈਲਟ ਪੇਪਰਾਂ ਰਾਹੀਂ ਪੈਣਗੀਆਂ। ਨਤੀਜਿਆਂ ਦਾ ਐਲਾਨ 29 ਮਈ ਨੂੰ ਵੋਟਾਂ ਦੀ ਗਿਣਤੀ ਉਪਰੰਤ ਕੀਤਾ ਜਾਵੇਗਾ। ਇਸੇ ਦੌਰਾਨ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਪੂਰਾ ਜ਼ੋਰ ਫੜ੍ਹ ਗਿਆ ਹੈ। ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੋਂ ਇਲਾਵਾ ਅਨੇਕਾਂ ਆਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਹਨ। ਮਨਜੀਤ ਸਿੰਘ ਸੇਠੀ ਸਣੇ ਕਈ ਆਜ਼ਾਦ ਉਮੀਦਵਾਰਾਂ ਨੇ ਆਪੋ-ਆਪਣੇ ਵਾਰਡਾਂ ਵਿੱਚ ਜ਼ੋਰਦਾਰ ਟੱਕਰ ਬਣਾਈ ਹੋਈ ਹੈ।
ਪਿੰਡਾਂ ਦੀਆਂ ਪੰਚਾਂ-ਸਰਪੰਚਾਂ, ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀਆਂ ਚੋਣਾਂ ਤੋਂ ਬਿਲਕੁਲ ਉਲਟ ਨਗਰ ਨਿਗਮ ਦੀ ਚੋਣ ਲੜ ਰਹੀਆਂ ਮਹਿਲਾਵਾਂ ਪੂਰੀ ਤਨਦੇਹੀ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਹਨ। ਅਨੇਕਾਂ ਵਾਰਡਾਂ ਵਿੱਚ ਮਹਿਲਾਵਾਂ ਆਪਣੇ ਪਤੀਆਂ ਤੋਂ ਬਿਨਾਂ ਹੀ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਰਹੀਆਂ ਹਨ ਅਤੇ ਪੂਰੀ ਦ੍ਰਿੜਤਾ ਨਾਲ ਵੋਟਰਾਂ ਤੱਕ ਪਹੁੰਚ ਕਰਨ ਵਿਚ ਲਗੀਆਂ ਹੋਈਆਂ ਹਨ। ਮਹਿਲਾ ਉਮੀਦਵਾਰਾਂ ਵੱਲੋਂ ਆਪਣੇ ਨਾਲ ਮਹਿਲਾ ਵਰਕਰਾਂ ਨੂੰ ਨਾਲ ਲਿਜਾ ਕੇ ਖ਼ੁਦ ਵੋਟਰਾਂ ਦੇ ਘਰ-ਘਰ ਤੱਕ ਦਸਤਕ ਦਿੱਤੀ ਜਾ ਰਹੀ ਹੈ।
ਮਹਿਲਾ ਉਮੀਦਵਾਰਾਂ ਵੱਲੋਂ ਨੁੱਕੜ ਮੀਟਿੰਗਾਂ ਵਿਚ ਬੜ੍ਹੇ ਪ੍ਰਭਾਸ਼ਾਲੀ ਤਰੀਕੇ ਨਾਲ ਆਪਣੇ ਵਾਰਡ ਦੀਆਂ ਸਮੱਸਿਆਵਾਂ, ਕਰਾਏ ਗਏ ਅਤੇ ਹੋਣ ਵਾਲੇ ਕੰਮਾਂ ਨੂੰ ਆਪਣੇ ਭਾਸ਼ਨਾਂ ਵਿਚ ਪ੍ਰਚਾਰਿਆ ਜਾ ਰਿਹਾ ਹੈ।ਮਹਿਲਾਵਾਂ ਵੱਲੋਂ ਆਪਣੇ ਪੋਸਟਰਾਂ ਉੱਤੇ ਆਪਣੀ ਵਿੱਦਿਅਕ ਯੋਗਤਾ ਨੂੰ ਵੀ ਬਾਖ਼ੂਬੀ ਦਰਜ ਕੀਤਾ ਜਾ ਰਿਹਾ ਹੈ। ਅਨੇਕਾਂ ਪੁਰਾਣੇ ਕੌਂਸਲਰਾਂ ਦੇ ਵਾਰਡ ਮਹਿਲਾਵਾਂ ਲਈ ਰਾਖਵੇਂ ਹੋਣ ਕਾਰਨ ਉਨ੍ਹਾਂ ਆਪਣੀਆਂ ਪਤਨੀਆਂ ਜਾਂ ਮਾਵਾਂ ਨੂੰ ਮੈਦਾਨ ਵਿਚ ਉਤਾਰਿਆ ਹੈ ਤੇ ਉਹ ਵੀ ਚੋਣ ਪ੍ਰਚਾਰ ਵਿਚ ਪਿੱਛੇ ਨਹੀਂ ਹਨ। ਮੁਹਾਲੀ ਨਿਗਮ ਦੇ ਸਮੁੱਚੇ ਉਮੀਦਵਾਰ ਆਪਣੇ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਹਨ। ਹਰ ਉਮੀਦਵਾਰ, ਫੇਸਬੁੱਕ, ਵੱਟਸਐੱਪ ਗਰੁੱਪਾਂ, ਇੰਸਟਾਗ੍ਰਾਮ ਰਾਹੀਂ ਆਪਣੇ ਚੋਣ ਪ੍ਰਚਾਰ ਨੂੰ ਉਭਾਰ ਰਿਹਾ ਹੈ। ਉਮੀਦਵਾਰਾਂ ਵੱਲੋਂ ਇਨ੍ਹਾਂ ਪਲੇਟਫ਼ਾਰਮਾਂ ਤੋਂ ਲਾਈਵ ਹੋ ਕੇ ਵੀ ਵੋਟਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਕਈ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਗੀਤ ਵੀ ਗਵਾਏ ਗਏ ਹਨ ਅਤੇ ਗੀਤਾਂ ਰਾਹੀਂ ਆਪਣੀਆਂ ਗਤੀਵਿਧੀਆਂ ਪ੍ਰਚਾਰੀਆਂ ਜਾ ਰਹੀਆਂ ਹਨ। ਸ਼ਹਿਰ ਵਿੱਚ ਹੋਰਡਿੰਗ ਵੀ ਨਜ਼ਰ ਆਉਣ ਲੱਗੇ ਹਨ ਅਤੇ ਕਿਤੇ-ਕਿਤੇ ਪੋਸਟਰ ਵੀ ਲਾਏ ਜਾ ਰਹੇ ਹਨ।
ਚਮਕੌਰ ਸਾਹਿਬ ’ਚ ਕਾਂਗਰਸ ਦੇ ਤਿੰਨ ਉਮੀਦਵਾਰਾਂ ਦੇ ਕਾਗਜ਼ ਰੱਦ
ਚਮਕੌਰ ਸਾਹਿਬ (ਸੰਜੀਵ ਬੱਬੀ): ਨਗਰ ਕੌਂਸਲ ਚਮਕੌਰ ਸਾਹਿਬ ਦੇ 13 ਵਾਰਡਾਂ ਦੀ ਚੋਣ ਲਈ ਕਾਂਗਰਸ ਨਾਲ ਸਬੰਧਿਤ 3 ਉਮੀਦਵਾਰਾਂ ਸੁਰਿੰਦਰ ਕੌਰ, ਹਰਦੀਪ ਕੌਰ ਅਤੇ ਪਵਿੱਤਰ ਸਿੰਘ ਦੇ ਪੇਪਰ ਰੱਦ ਹੋਏ ਹਨ। ਚਮਕੌਰ ਸਾਹਿਬ ਦੇ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀ ਪੇਪਰਾਂ ਦੀ ਪੜਤਾਲ ਦੌਰਾਨ 3 ਉਮੀਦਵਾਰਾਂ ਦੇ ਪੇਪਰ ਰੱਦ ਹੋਣ ਉਪਰੰਤ 49 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਨ੍ਹਾਂ ਵਿੱਚ ਕਾਂਗਰਸ ਦੇ 13, ਆਮ ਆਦਮੀ ਪਾਰਟੀ ਦੇ 13, ਅਕਾਲੀ ਦਲ ਦੇ 4, ਭਾਜਪਾ ਦੇ 4 ਅਤੇ 15 ਆਜ਼ਾਦ ਉਮੀਦਵਾਰ ਸ਼ਾਮਲ ਹਨ। ਜਦੋਂ ਕਿ ਵਾਰਡ ਨੰਬਰ 12 ਤੋਂ ਕਾਂਗਰਸ ਦੀ ਉਮੀਦਵਾਰ ਹਰਜੀਤ ਕੌਰ ਨਿਰਵਿਰੋਧ ਜਿੱਤ ਗਏ ਹਨ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ 19 ਮਈ ਨੂੰ ਕਾਗਜ਼ਾਂ ਦੀ ਵਾਪਸੀ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਕਿੰਨੇ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈਂਦੇ ਹਨ, ਜਿਸ ਉਪਰੰਤ ਚੋਣ ਦ੍ਰਿਸ਼ ਸਪੱਸ਼ਟ ਹੋ ਜਾਵੇਗਾ।
ਬਨੂੜ ’ਚ ਕਾਂਗਰਸ ਦੇ ਦੋ ਕਵਰਿੰਗ ਉਮਦੀਵਾਰਾਂ ਦੇ ਕਾਗਜ਼ ਰੱਦ
ਬਨੂੜ: ਨਗਰ ਕੌਂਸਲ ਬਨੂੜ ਦੇ 13 ਵਾਰਡਾਂ ਲਈ 26 ਮਈ ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਉਮੀਦਵਾਰਾਂ ਵੱਲੋਂ ਭਰੀਆਂ ਗਈਆਂ ਨਾਮਜ਼ਦਗੀਆਂ ਦੀ ਪੜਤਾਲ ਅੱਜ ਐੱਸ ਡੀ ਐੱਮ-ਕਮ-ਰਿਟਰਨਿੰਗ ਅਫ਼ਸਰ ਡਾ ਅੰਕਿਤਾ ਕਾਂਸਲ ਦੀ ਨਿਗਰਾਨੀ ਹੇਠ ਹੋਈ। ਇਸ ਮੌਕੇ ਨਾਮਜ਼ਦਗੀਆਂ ਦਰਜ ਕਰਾਉਣ ਵਾਲੇ ਸਮੁੱਚੇ 56 ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ ਨੌਂ ਤੋਂ ਕਾਂਗਰਸ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕਰਾਉਣ ਵਾਲੀ ਕੁਲਦੀਪੋ ਦੇਵੀ ਅਤੇ ਵਾਰਡ ਨੰਬਰ ਦਸ ਤੋਂ ਕਾਂਗਰਸ ਦੇ ਹੀ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀਆਂ ਭਰਨ ਵਾਲੀ ਕੁਲਵਿੰਦਰ ਕੌਰ ਦੇ ਕਾਗਜ਼ ਰੱਦ ਹੋ ਗਏ। ਦੋਵਾਂ ਦੇ ਲੋੜੀਂਦੇ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਕਾਗਜ਼ ਰੱਦ ਕੀਤੇ ਗਏ। ਬਾਕੀ ਸਮੁੱਚੇ 54 ਉਮੀਦਵਾਰਾਂ ਦੇ ਕਾਗਜ਼ ਪੂਰੀ ਤਰ੍ਹਾਂ ਦਰੁੱਸਤ ਪਾਏ ਗਏ। ਬਨੂੜ ਕੌਂਸਲ ਉੱਤੇ ਜ਼ਿਆਦਾਤਰ ਵਾਰਡਾਂ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਮੁਕਾਬਲਾ ਹੋ ਰਿਹਾ ਹੈ ਅਤੇ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ।
