ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਹਿਰ ਵਿੱਚ ਅੱਜ ਕਰੋਨਾਵਾਇਰਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦਾ ਅੰਕੜਾ 410 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸ਼ਹਿਰ ਵਿੱਚ 431 ਕਰੋਨਾਵਾਇਰਸ ਦੇ ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 438 ਮਰੀਜ਼ਾਂ ਨੂੰ ਛੁੱਟੀ ਕਰ ਦਿੱਤੀ ਹੈ। ਮ੍ਰਿਤਕਾਂ ਵਿੱਚ ਸੈਕਟਰ-56 ਦੀ 52 ਸਾਲਾਂ ਔਰਤ ਤੇ ਸੈਕਟਰ-56 ਦੇ 57 ਸਾਲਾਂ ਵਿਅਕਤੀ ਸ਼ਾਮਲ ਹੈ। ਇਹ ਦੋਵੇਂ ਇਲਾਜ ਅਧੀਨ ਸਨ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਇਕੱਠੇ 744 ਵਿਅਕਤੀਆਂ ਦੇ ਨਮੂਨਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਕਰੋਨਾ ਮਹਾਮਾਰੀ ਦੇ 774 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 35 ਹਜ਼ਾਰ 193 ’ਤੇ ਪਹੁੰਚ ਗਈ ਹੈ। ਉਂਜ ਅੱਜ 473 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਪੰਜ ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ।
ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਪਿਛਲੇ 24 ਘੰਟਿਆਂ ਦੌਰਾਨ 462 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਇਨ੍ਹਾਂ ਵਿੱਚੋਂ ਪੰਚਕੂਲਾ ਜ਼ਿਲ੍ਹੇ ਦੇ 349 ਮਰੀਜ਼ ਹਨ। ਕਰੋਨਾ ਕਾਰਨ ਜ਼ਿਲ੍ਹੇ ਵਿੱਚ ਦੋ ਮੌਤਾਂ ਹੋਈਆਂ ਹਨ। ਇਹ ਜਾਣਕਾਰੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦਿੱਤੀ।
ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 78 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂ ਕਿ ਤਿੰਨ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਅੱਜ ਚਮਕੌਰ ਸਾਹਿਬ ਬਲਾਕ ਦੀ ਔਰਤ, ਮੋਰਿੰਡਾ ਦੇ ਵਿਅਕਤੀ ਅਤੇ ਭੱਕੂ ਮਾਜਰਾ ਦੇ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ।