ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਸਤੰਬਰ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਹਾਲੇ ਵੀ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਦਾਖਲੇ ਨਹੀਂ ਮਿਲੇ। ਇਸ ਵਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਸੌ ਦੇ ਕਰੀਬ ਵਿਦਿਆਰਥੀ ਦਾਖਲੇ ਤੋਂ ਵਾਂਝੇ ਹਨ ਜਦਕਿ ਦੋ ਕਾਊਂਸਲਿੰਗਾਂ ਹੋ ਚੁੱਕੀਆਂ ਹਨ। ਇਸ ਵੇਲੇ ਇਕ ਹਜ਼ਾਰ ਦੇ ਕਰੀਬ ਸੀਟਾਂ ਖਾਲੀ ਪਈਆਂ ਹਨ ਜਿਸ ਕਾਰਨ ਯੂਟੀ ਦੇ ਸਿੱਖਿਆ ਵਿਭਾਗ ਨੇ ਤੀਜੀ ਕਾਊਂਸਲਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ ਜਿਸ ਦੇ ਵੇਰਵੇ 11 ਸਤੰਬਰ ਨੂੰ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਦੂਜੇ ਰਾਜਾਂ ਤੇ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਵਿਚੋਂ ਦਸਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਰਕਾਰੀ ਸਕੂਲਾਂ ਵਿਚ ਦਾਖਲਾ ਨਹੀਂ ਮਿਲਿਆ। ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਇਸ ਵਾਰ ਤੋਂ ਗਿਆਰ੍ਹਵੀਂ ਜਮਾਤ ਵਿਚ 85 ਫੀਸਦੀ ਸੀਟਾਂ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਤੋਂ ਦਸਵੀਂ ਪਾਸ ਕਰਨ ਵਾਲਿਆਂ ਲਈ ਰਾਖਵੀਆਂ ਰੱਖੀਆਂ ਹਨ ਜਦਕਿ ਬਾਕੀ ਦੀਆਂ 15 ਫੀਸਦੀ ਸੀਟਾਂ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਲਈ ਰੱਖੀਆਂ ਗਈਆਂ ਹਨ। ਇਸ ਮਾਮਲੇ ਵਿਚ ਵਿਦਿਆਰਥੀਆਂ ਨੇ ਦਾਖਲੇ ਨਾ ਮਿਲਣ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਸੀ ਤੇ ਅਦਾਲਤ ਨੇ ਆਰਟਸ ਤੇ ਕਾਮਰਸ ਵਿਚ ਪ੍ਰੋਵਿਜ਼ਨਲ ਦਾਖਲੇ ਕਰਨ ਲਈ ਕਿਹਾ ਸੀ। ਇਸ ਤੋਂ ਇਲਾਵਾ ਵਿਗਿਆਨ ਸਟਰੀਮ ਵਿਚ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਮਿਲਿਆ ਹੈ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਸੌ ਦੇ ਕਰੀਬ ਵਿਦਿਆਰਥੀਆਂ ਨੂੰ ਇਸ ਕਰ ਕੇ ਦਾਖਲੇ ਨਹੀਂ ਮਿਲੇ ਕਿਉਂਕਿ ਕਈ ਵਿਦਿਆਰਥੀ ਸਾਈਬਰ ਕੈਫੇ ’ਚ ਜਾ ਕੇ ਫਾਰਮ ਭਰਨ ਸਮੇਂ ਗਲਤੀਆਂ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਹੋ ਜਾਂਦੀਆਂ ਹਨ।
ਅਧਿਆਪਕਾਂ ਤੋਂ ਫਾਰਮ ਤਸਦੀਕ ਕਰਵਾਉਣ ਵਿਦਿਆਰਥੀ: ਡੀਈਓ
ਜ਼ਿਲ੍ਹਾ ਸਿੱਖਿਆ ਅਫ਼ਸਰ ਬਿੰਦੂ ਅਰੋੜਾ ਨੇ ਕਿਹਾ ਕਿ ਫਾਰਮ ਭਰਨ ਵਿਚ ਗਲਤੀ ਹੋਣ ਕਾਰਨ ਕਈ ਬੱਚਿਆਂ ਨੂੰ ਦਾਖਲੇ ਨਹੀਂ ਮਿਲੇ ਪਰ ਸਿੱਖਿਆ ਵਿਭਾਗ ਇਨ੍ਹਾਂ ਬੱਚਿਆਂ ਲਈ ਤੀਜੀ ਕਾਊਂਸਲਿੰਗ ਕਰਵਾਏਗਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਕੂਲ ਵਿੱਚ ਜਾ ਕੇ ਅਧਿਆਪਕ ਦੀ ਦੇਖ-ਰੇਖ ਵਿੱਚ ਫਾਰਮ ਭਰਨ ਜਾਂ ਭਰਨ ਤੋਂ ਬਾਅਦ ਇੱਕ ਵਾਰ ਅਧਿਆਪਕ ਤੋਂ ਤਸਦੀਕ ਕਰਵਾ ਲੈਣ। ਦੂਜੇ ਪਾਸੇ ਦਾਖਲੇ ਨਾ ਮਿਲਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਉਹ ਸੋਮਵਾਰ ਨੂੰ ਸਿੱਖਿਆ ਸਕੱਤਰ ਨੂੰ ਮਿਲਣਗੇ ਤੇ ਦਾਖਲੇ ਨਾ ਮਿਲਣ ਬਾਰੇ ਜਾਣਕਾਰੀ ਦੇਣਗੇ।