ਮੁਹਾਲੀ ਜ਼ਿਲ੍ਹੇ ’ਚ 11 ਨਾਮਜ਼ਦਗੀਆਂ ਅਯੋਗ ਕਰਾਰ
ਮੁਹਾਲੀ ਜ਼ਿਲ੍ਹੇ ਵਿੱਚ ਪੰਚਾਇਤ ਸਮਿਤੀ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਬਾਅਦ 11 ਨਾਮਜ਼ਦਗੀਆਂ ਅਯੋਗ ਪਾਈਆਂ ਗਈਆਂ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਪੜਤਾਲ ਉਪਰੰਤ 310 ਉਮੀਦਵਾਰ ਚੋਣ ਲੜਨ ਲਈ ਯੋਗ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਡੇਰਾਬੱਸੀ ਦੇ 22 ਜ਼ੋਨਾਂ ਲਈ ਪ੍ਰਾਪਤ ਹੋਈਆਂ ਕੁੱਲ 149 ਨਾਮਜ਼ਦਗੀਆਂ ਵਿੱਚੋਂ ਅੱਜ ਪੜਤਾਲ ਦੌਰਾਨ ਛੇ ਨਾਮਜ਼ਦਗੀਆਂ ਆਯੋਗ ਕਰਾਰ ਦਿੱਤੇ ਜਾਣ ਬਾਅਦ 143 ਨਾਮਜਦਗੀਆਂ ਸਹੀ ਪਾਈਆਂ ਗਈਆਂ ਹਨ। ਇਸੇ ਤਰ੍ਹਾਂ ਪੰਚਾਇਤ ਸਮਿਤੀ ਖਰੜ ਦੇ 15 ਜ਼ੋਨਾਂ ਲਈ ਪ੍ਰਾਪਤ ਹੋਈਆਂ ਕੁੱਲ 78 ਨਾਮਜ਼ਦਗੀਆਂ ਵਿੱਚੋਂ, ਅੱਜ ਪੜਤਾਲ ਉਪਰੰਤ 5 ਨਾਮਜ਼ਦਗੀਆਂ ਆਯੋਗ ਕਰਾਰ ਦਿੱਤੀਆਂ ਗਈਆਂ। ਪੰਚਾਇਤ ਸਮਿਤੀ ਖਰੜ ਵਿੱਚ ਹੁਣ ਯੋਗ ਉਮੀਦਵਾਰਾਂ ਦੀ ਗਿਣਤੀ 73 ਰਹਿ ਗਈ ਹੈ। ਪੰਚਾਇਤ ਸਮਿਤੀ ਮਾਜਰੀ ਦੇ 15 ਜ਼ੋਨਾਂ ਲਈ ਪ੍ਰਾਪਤ 94 ਨਾਮਜ਼ਦਗੀਆਂ ਵਿੱਚੋਂ ਅੱਜ ਪੜਤਾਲ ਉਪਰੰਤ ਸਾਰੀਆਂ ਹੀ ਯੋਗ ਪਾਈਆਂ ਗਈਆਂ। ਡੀ ਸੀ ਕੋਮਲ ਮਿੱਤਲ ਨੇ ਦੱਸਿਆ ਕਿ 6 ਦਸੰਬਰ ਨੂੰ ਨਾਮਜ਼ਦਗੀ ਅਮਲ ’ਚੋਂ ਨਾਮ ਵਾਪਸ ਲੈਣ ਦਾ ਆਖਰੀ ਦਿਨ ਹੋਵੇਗਾ। ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ 17 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।
ਚਮਕੌਰ ਸਾਹਿਬ: 54 ਉਮੀਦਵਾਰਾਂ ’ਚੋਂ ਦੋ ਦੀਆਂ ਨਾਮਜ਼ਦਗੀਆਂ ਰੱਦ
ਚਮਕੌਰ ਸਾਹਿਬ (ਸੰਜੀਵ ਬੱਬੀ): ਚਮਕੌਰ ਸਾਹਿਬ ਬਲਾਕ ਸਮਿਤੀ ਦੇ 15 ਜ਼ੋਨਾਂ ਦੀ ਚੋਣ ਲਈ ਵੱਖ ਵੱਖ ਪਾਰਟੀਆਂ ਦੇ 54 ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਦਾਖ਼ਲ ਕਰਵਾਏ ਗਏ ਨਾਮਜ਼ਦਗੀ ਪੇਪਰਾਂ ਦੀ ਪੜਤਾਲ ਕਰਨ ਉਪਰੰਤ 2 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਤੇ ਚਮਕੌਰ ਸਾਹਿਬ ਬਲਾਕ ਸਮਿਤੀ ਲਈ ਕੁੱਲ 52 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਐੱਸ ਡੀ ਐੱਮ-ਕਮ ਰਿਟਰਨਿੰਗ ਅਫ਼ਸਰ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ 4 ਦਸੰਬਰ ਨੂੰ ਸ਼ਾਮ ਤੱਕ ਬਲਾਕ ਸਮਿਤੀ ਚਮਕੌਰ ਸਾਹਿਬ ਦੇ 15 ਜ਼ੋਨਾਂ ਲਈ ਵੱਖ-ਵੱਖ ਪਾਰਟੀਆਂ ਦੇ 54 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਗਏ ਸਨ। ਪੜਤਾਲ ਕਰਨ ਉਪਰੰਤ ਜ਼ੋਨ ਨੰਬਰ 2 ਪਿੰਡ ਬਾਲਸੰਡਾ ਤੋਂ ਇੱਕ ਉਮੀਦਵਾਰ ਤੇ ਜ਼ੋਨ ਨੰਬਰ 6 ਪਿੰਡ ਸੰਧੂਆਂ ਤੋਂ ਵੀ ਇੱਕ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਚੋਣ ਮੈਦਾਨ ਵਿੱਚ ਕੁੱਲ 52 ਉਮੀਦਵਾਰ ਬਾਕੀ ਰਹਿ ਗਏ ਹਨ।
