ਪੱਤਰ ਪ੍ਰੇਰਕ
ਚੰਡੀਗੜ੍ਹ, 27 ਨਵੰਬਰ
ਚੰਡੀਗੜ੍ਹ ਵਿੱਚ ਅੱਜ 106 ਹੋਰ ਵਿਅਕਤੀ ਕਰੋਨਾਵਾਇਰਸ ਦੀ ਲਪੇਟ ਵਿੱਚ ਆਏ ਹਨ ਤੇ ਮਰੀਜ਼ਾਂ ਦਾ ਕੁੱਲ ਅੰਕੜਾ 17051 ਹੋ ਗਿਆ ਹੈ। ਇਕਾਂਤਵਾਸ ’ਤੇ ਚੱਲ ਰਹੇ 85 ਮਰੀਜ਼ਾਂ ਨੂੰ ਅੱਜ ਡਿਸਚਾਰਜ ਵੀ ਕੀਤਾ ਗਿਆ ਹੈ ਅਤੇ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1190 ਹੈ। ਰਾਹਤ ਵਾਲੀ ਖ਼ਬਰ ਇਹ ਹੈ ਕਿ ਅੱਜ ਕਰੋਨਾ ਕਾਰਨ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਨਵੇਂ ਕਰੋਨਾ ਮਰੀਜ਼ ਸੈਕਟਰ 5, 8, 9, 14, 15, 16, 18, 19, 20, 21, 24, 25, 27, 28, 29, 32, 33, 34, 35, 36, 37, 38, 40, 43, 44, 45, 48, 49, 50, 51, 52, 63, 38-ਵੈਸਟ, ਡੱਡੂਮਾਜਰਾ, ਧਨਾਸ, ਹੱਲੋਮਾਜਰਾ, ਕੈਂਬਵਾਲਾ, ਖੁੱਡਾ ਲਾਹੌਰਾ, ਮਲੋਆ, ਮਨੀਮਾਜਰਾ ਤੇ ਰਾਮ ਦਰਬਾਰ ਦੇ ਵਸਨੀਕ ਹਨ।
ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 10 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਦੋਂ ਕਿ ਇਕ ਵਿਅਕਤੀ ਦੀ ਮੌਤ ਹੋਈ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਭਰਤਗੜ੍ਹ ਇਲਾਕੇ ਵਿੱਚ 2, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿੱਚ 3, ਨੰਗਲ ਇਲਾਕੇ ਵਿੱਚ 4, ਸ੍ਰੀ ਚਮਕੌਰ ਸਾਹਿਬ ਇਲਾਕੇ ਵਿੱਚ ਇਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 157 ਹੈ। ਅੱਜ ਰੂਪਨਗਰ ਵਿੱਚ 60 ਸਾਲਾਂ ਦੇ ਵਿਅਕਤੀ ਦੀ ਮੌਤ ਹੋਈ ਹੈ।
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਅੱਜ ਕਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 71 ਹੋ ਗਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਨਾਲ 108 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਅੱਜ 402 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਜ਼ਿਲ੍ਹੇ ਵਿਚ ਅੱਜ 99 ਕੇਸ ਕਰੋਨਾ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 10234 ਹੋ ਗਈ ਹੈ। ਅੱਜ ਸਭ ਤੋਂ ਵੱਧ 44 ਕੇਸ ਅੰਬਾਲਾ ਛਾਉਣੀ ਤੋਂ, 30 ਕੇਸ ਅੰਬਾਲਾ ਸ਼ਹਿਰ ਤੋਂ ਅਤੇ 12 ਗ੍ਰਾਮੀਣ ਖੇਤਰ ਚੌੜਮਸਤਪੁਰ ਤੋਂ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ਵਿਚ 31 ਮਰੀਜ਼ ਡਿਸਚਾਰਜ ਹੋਏ ਹਨ ਅਤੇ ਐਕਟਿਵ ਮਰੀਜ਼ 504 ਹਨ। ਅੱਜ ਸ਼ੁਕਲ ਕੁੰਡ ਰੋਡ ਅੰਬਾਲਾ ਸ਼ਹਿਰ ਦੀ ਰਹਿਣ ਵਾਲੀ 65 ਸਾਲਾ ਮਹਿਲਾ ਦੀ ਮੌਤ ਹੋਈ ਹੈ।
ਜ਼ੀਰਕਪੁਰ (ਹਰਜੀਤ ਸਿੰਘ): ਨਗਰ ਕੌਂਸਲ ਦੇ ਦਫਤਰ ਵਿੱਚ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਦਫਤਰ ਦੇ ਦੋ ਕਰਮਚਾਰੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਬ੍ਰਾਂਚ ਨੂੰ ਪਹਿਲੀ ਦਸੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਕਮਰਾ ਨੰਬਰ 7 ਵਿੱਚ ਸਥਿਤ ਜਨਮ ਅਤੇ ਮੌਤ ਦੇ ਰਜਿਸਟ੍ਰੇਸ਼ਨ ਬ੍ਰਾਂਚ ਵਿੱਚ ਦੋ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੌਰਾਨ ਕਮਰੇ ਨੂੰ ਸੈਨੀਟਾਈਜ਼ ਵੀ ਕੀਤਾ ਜਾ ਰਿਹਾ ਹੈ। ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦੀ ਐੱਸ.ਐਮ.ਓ. ਡਾ. ਪੌਮੀ ਚਤਰਥ ਨੇ ਦੱਸਿਆ ਕਿ ਕੌਂਸਲ ਦਫਤਰ ਵਿੱਚ ਹੋਰ ਕਰਮਚਾਰੀਆਂ ਦੇ ਵੀ ਟੈਸਟ ਕੀਤੇ ਜਾ ਰਹੇ ਹਨ।
ਮੁਹਾਲੀ ਜ਼ਿਲ੍ਹੇ ਵਿੱਚ 156 ਨਵੇਂ ਕੇਸ; ਇਕ ਮੌਤ
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 156 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਕੁੱਲ ਗਿਣਤੀ 15085 ’ਤੇ ਪਹੁੰਚ ਗਈ ਹੈ। ਅੱਜ ਸੱਤ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ। ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਇਕ ਹੋਰ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋਈ ਹੈ ਅਤੇ ਹੁਣ ਤੱਕ 274 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਮੁਹਾਲੀ ਸ਼ਹਿਰੀ ਖੇਤਰ ਵਿੱਚ 112 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂਕਿ ਕੁਰਾਲੀ ਵਿੱਚ ਇਕ, ਬਨੂੜ ਤੇ ਡੇਰਾਬੱਸੀ ਵਿੱਚ 3-3, ਲਾਲੜੂ ਤੇ ਘੜੂੰਆਂ ਵਿੱਚ 4-4, ਖਰੜ ਵਿੱਚ 9 ਅਤੇ ਢਕੋਲੀ ਵਿੱਚ 20 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।