ਮੁਹਾਲੀ: 104 ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲਈ
ਪੰਚਾਇਤ ਸਮਿਤੀ ਚੋਣਾਂ ਵਿੱਚ ਜ਼ਿਲ੍ਹੇ ’ਚ 206 ਉਮੀਦਵਾਰ ਲਡ਼ਨਗੇ ਚੋਣ; 14 ਦਸੰਬਰ ਨੂੰ ਪੈਣਗੀਆਂ ਵੋਟਾਂ
ਮੁਹਾਲੀ ਜ਼ਿਲ੍ਹੇ ਵਿੱਚ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਦੀ ਪ੍ਰਕਿਰਿਆ ਅੱਜ ਸੁਚਾਰੂ ਢੰਗ ਨਾਲ ਸਮਾਪਤ ਹੋਈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਕੋਮਲ ਮਿੱਤਲ ਨੇ ਦੱਸਿਆ ਕਿ ਲੰਘੇ ਦਿਨ ਪੜਤਾਲ ਤੋਂ ਬਾਅਦ ਯੋਗ ਪਾਏ ਗਏ 310 ਉਮੀਦਵਾਰਾਂ ਵਿੱਚੋਂ ਅੱਜ 104 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ, ਜਿਸ ਮਗਰੋਂ ਖਰੜ, ਮਾਜਰੀ ਤੇ ਡੇਰਾਬੱਸੀ ਦੀਆਂ ਤਿੰਨਾਂ ਪੰਚਾਇਤ ਸਮਿਤੀਆਂ ’ਚ 206 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ। ਪੰਚਾਇਤ ਸਮਿਤੀ ਚੋਣਾਂ ਲਈ ਵੋਟਾਂ 14 ਦਸੰਬਰ ਨੂੰ ਪੈਣਗੀਆਂ।
ਸਮਿਤੀ-ਵਾਰ ਵੇਰਵੇ ਦਿੰਦਿਆਂ ਡੀ ਸੀ ਨੇ ਦੱਸਿਆ ਕਿ ਖਰੜ ਪੰਚਾਇਤ ਸਮਿਤੀ ਵਿੱਚ, 73 ਯੋਗ ਨਾਮਜ਼ਦਗੀਆਂ ਵਿੱਚੋਂ 24 ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ, ਜਿਸ ਨਾਲ 49 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸੇ ਤਰ੍ਹਾਂ ਮਾਜਰੀ ਪੰਚਾਇਤ ਸਮਿਤੀ ਵਿੱਚ, 94 ਯੋਗ ਨਾਮਜ਼ਦਗੀਆਂ ਵਿੱਚੋਂ 31 ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ, ਜਿਸ ਨਾਲ 63 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ। ਡੇਰਾਬੱਸੀ ਪੰਚਾਇਤ ਸਮਿਤੀ ਲਈ, 143 ਯੋਗ ਨਾਮਜ਼ਦਗੀਆਂ ਵਿੱਚੋਂ, 49 ਉਮੀਦਵਾਰਾਂ ਨੇ ਨਾਮ ਵਾਪਿਸ ਲੈ ਲਿਆ, ਜਿਸ ਨਾਲ 94 ਉਮੀਦਵਾਰ ਚੋਣ ਲੜਨਗੇ। ਡੀ ਸੀ ਮਿੱਤਲ ਨੇ ਕਿਹਾ ਕਿ ਨਾਮਜ਼ਦਗੀ ਵਾਪਸੀ ਦੀਆਂ ਸਾਰੀਆਂ ਅਰਜ਼ੀਆਂ ’ਤੇ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਗਈ, ਜਿਸ ਨਾਲ ਪੂਰੀ ਪਾਰਦਰਸ਼ਤਾ ਅਤੇ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਪ੍ਰਕਿਰਿਆ ਦੇ ਅਗਲੇ ਪੜਾਵਾਂ ਲਈ ਪੂਰੀ ਸਾਵਧਾਨੀ ਨਾਲ ਤਿਆਰੀਆਂ ਕੀਤੀਆਂ ਹਨ ਅਤੇ ਪ੍ਰਸ਼ਾਸਨ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਡੀ ਸੀ ਨੇ ਸਾਰੇ ਉਮੀਦਵਾਰਾਂ ਤੇ ਨਾਗਰਿਕਾਂ ਨੂੰ ਚੋਣ ਅਮਲ ਦੌਰਾਨ ਮਾਹੌਲ ਸਦਭਾਵਨਾ ਭਰਪੂਰ ਅਤੇ ਕਾਨੂੰਨ ਦੀ ਪਾਲਣਾ ਵਾਲਾ ਮਾਹੌਲ ਬਣਾਈ ਰੱਖਣ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਅਪੀਲ ਕੀਤੀ।
ਡੇਰਾਬੱਸੀ ਵਿੱਚ 94 ਉਮੀਦਵਾਰ ਮੈਦਾਨ ’ਚ; 49 ਨੇ ਨਾਂ ਵਾਪਸ ਲਏ
ਡੇਰਾਬੱਸੀ (ਹਰਜੀਤ ਸਿੰਘ): ਹਲਕਾ ਡੇਰਾਬੱਸੀ ਦੀ ਬਲਾਕ ਸਮਿਤੀ ਨੂੰ ਲੈ ਕੇ ਮੈਦਾਨ ਪੂਰੀ ਤਰਾਂ ਭਖ ਗਿਆ ਹੈ। ਐੱਸ ਡੀ ਐੱਮ ਅਮਿਤ ਗੁਪਤਾ ਨੇ ਦੱਸਿਆ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅਖ਼ੀਰਲੇ ਦਿਨ 49 ਉਮੀਦਵਾਰਾਂ ਨੇ ਨਾਂਅ ਵਾਪਸ ਲੈ ਲਿਆ। ਹੁਣ ਸਾਰੀ ਪਾਰਟੀਆਂ ਦੇ 94 ਉਮੀਦਵਾਰ ਮੈਦਾਨ ਵਿੱਚ ਹਨ। ਜਾਣਕਾਰੀ ਅਨੁਸਾਰ ਡੇਰਾਬੱਸੀ ਵਿੱਚ ਸਾਰੀ ਪਾਰਟੀਆਂ ਦੇ ਕੁੱਲ 149 ਉਮੀਦਵਾਰਾਂ ਨੇ ਨਾਮਜ਼ਦਗੀਆਂ ਪੇਪਰ ਭਰੇ ਸੀ। ਇਨ੍ਹਾਂ ਵਿੱਚੋਂ 6 ਉਮੀਦਵਾਰਾਂ ਦੇ ਦਸਤਾਵੇਜ਼ਾਂ ਵਿੱਚ ਤਰੁੱਟੀ ਹੋਣ ਕਾਰਨ ਨਾਮਜ਼ਦਗੀ ਪੇਪਰ ਰੱਦ ਹੋ ਗਏ ਸੀ। ਇਸ ਮਗਰੋਂ ਅੱਜ 49 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਗਏ। ਹੁਣ ਮੈਦਾਨ ਵਿੱਚ 94 ਉਮੀਦਵਾਰ ਹਨ। ਇਨ੍ਹਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਪੂਰੀ 22 ਸੀਟਾਂ ’ਤੇ 22 ਉਮੀਦਵਾਰ ਹਨ। ਇਸੇ ਤਰ੍ਹਾਂ ਅਕਾਲੀ ਦਲ ਤੇ ਕਾਂਗਰਸ ਵੀ ਸਾਰੀਆਂ ਸੀਟਾਂ ’ਤੇ ਚੋਣ ਲੜੇਗੀ। ਭਾਜਪਾ ਵੱਲੋਂ 22 ਸੀਟਾਂ ’ਤੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸੀ ਜਿਨ੍ਹਾਂ ਵਿਚੋਂ ਦੋ ਦੇ ਕਾਗਜ਼ ਰੱਦ ਹੋ ਗਏ ਸਨ। ਭਾਜਪਾ ਹੁਣ 20 ਸੀਟਾਂ ਤੇ ਚੋਣ ਲੜੇਗੀ। ਬਸਪਾ ਚਾਰ ਸੀਟਾਂ ਤੇ ਚੋਣ ਲੜੇਗੀ।
ਚਮਕੌਰ ਸਾਹਿਬ: ਚੋਣ ਮੈਦਾਨ ਵਿੱਚ ਹੁਣ 41 ਉਮੀਦਵਾਰ
ਚਮਕੌਰ ਸਾਹਿਬ (ਸੰਜੀਵ ਬੱਬੀ): ਚਮਕੌਰ ਸਾਹਿਬ ਬਲਾਕ ਸਮਿਤੀ ਦੇ 15 ਜ਼ੋਨਾਂ ਦੀ ਚੋਣ ਲਈ ਹੁਣ ਚੋਣ ਮੈਦਾਨ ਵਿੱਚ 41 ਉਮੀਦਵਾਰ ਰਹਿ ਗਏ ਹਨ। ਵੱਖ-ਵੱਖ ਪਾਰਟੀਆਂ ਦੇ 54 ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਪੇਪਰ ਦਾਖ਼ਲ ਕਰਵਾਏ ਗਏ ਸਨ। ਪੜਤਾਲ ਦੌਰਾਨ ਜ਼ੋਨ ਨੰਬਰ 2 ਪਿੰਡ ਬਾਲਸੰਡਾ ਤੋਂ ਇੱਕ ਉਮੀਦਵਾਰ ਅੇ ਜ਼ੋਨ ਨੰਬਰ 6 ਪਿੰਡ ਸੰਧੂਆਂ ਤੋਂ ਇੱਕ ਉਮੀਦਵਾਰ ਦੇ ਪੇਪਰ ਰੱਦ ਹੋ ਗਏ ਸਨ, ਜਿਸ ਕਾਰਨ ਚੋਣ ਮੈਦਾਨ ਵਿੱਚ 52 ਉਮੀਦਵਾਰ ਰਹਿ ਗਏ ਸਨ। ਐੱਸ ਡੀ ਐੱਮ ਕਮ ਰਿਟਰਨਿੰਗ ਅਫਸਰ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਉਮੀਦਵਾਰਾਂ ਵਿੱਚੋਂ 11 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈ ਲਏ ਹਨ ਤੇ ਹੁਣ 41 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

