ਕਰੋਨਾ: ਚੰਡੀਗੜ੍ਹ ਵਿੱਚ ਚਾਰ ਮੌਤਾਂ

253 ਨਵੇਂ ਕੇਸ; ਮ੍ਰਿਤਕ ਮਰੀਜ਼ਾਂ ਦਾ ਕੁੱਲ ਅੰਕੜਾ 10,968 ਹੋਇਆ

ਕਰੋਨਾ: ਚੰਡੀਗੜ੍ਹ ਵਿੱਚ ਚਾਰ ਮੌਤਾਂ

ਮੁਹਾਲੀ ਦੇ ਕੋਵਿਡ ਸੈਂਟਰ ਵਿੱਚ ਵਾਇਰਸ ਦੀ ਜਾਂਚ ਕਰਵਾਊਣ ਲਈ ਊਡੀਕ ਕਰਦੇ ਹੋਏ ਲੋਕ। -ਫੋਟੋ: ਵਿੱਕੀ ਘਾਰੂ

ਕੁਲਦੀਪ ਸਿੰਘ

ਚੰਡੀਗੜ੍ਹ, 24 ਸਤੰਬਰ

ਚੰਡੀਗੜ੍ਹ ਵਿੱਚ ਅੱਜ ਕਰੋਨਾਵਾਇਰਸ ਕਾਰਨ ਚਾਰ ਜਣਿਆਂ ਦੀ ਮੌਤ ਹੋਈ ਹੈ ਅਤੇ 253 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਸ਼ਹਿਰ ਵਿੱਚ ਮਰੀਜ਼ਾਂ ਦਾ ਕੁੱਲ ਅੰਕੜਾ 10,968 ਹੋ ਗਿਆ ਹੈ। ਮਰਨ ਵਾਲਿਆਂ ਵਿੱਚ ਕਿਸ਼ਨਗੜ੍ਹ ਦੀ ਵਸਨੀਕ 42 ਸਾਲਾਂ ਦੀ ਔਰਤ ਅਤੇ ਪਿੰਡ ਬੁੜੈਲ ਵਾਸੀ 41 ਸਾਲਾਂ ਦਾ ਵਿਅਕਤੀ ਸ਼ਾਮਲ ਹਨ। ਇਹ ਦੋਵੇਂ ਜੀ.ਐਮ.ਸੀ.ਐਚ.-32 ਵਿਚ ਜ਼ੇਰੇ ਇਲਾਜ ਸਨ। ਇਸੇ ਤਰ੍ਹਾਂ ਸੈਕਟਰ-32 ਵਾਸੀ 72 ਸਾਲਾਂ ਦੇ ਬਜ਼ੁਰਗ  ਦੀ ਚੰਡੀਗੜ੍ਹ ਦੇ ਮੁਕਟ ਹਸਪਤਾਲ ਵਿਚ ਮੌਤ ਹੋਈ ਹੈ ਅਤੇ ਸੈਕਟਰ-25 ਨਿਵਾਸੀ 76 ਸਾਲਾਂ ਦੇ ਬਜ਼ੁਰਗ ਨੇ ਜੀ.ਐੱਮ.ਐੱਸ.ਐੱਚ.-16 ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਹ ਚਾਰੋਂ ਮਰੀਜ਼ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਸਨ। ਯੂ.ਟੀ. ਦੇ ਸਿਹਤ ਵਿਭਾਗ ਅਨੁਸਾਰ ਨਵੇਂ ਮਰੀਜ਼ ਸੈਕਟਰ 7, 8, 9, 10, 11, 14, 15, 16, 18, 19, 20, 21, 22, 23, 24, 25, 27, 28, 29, 30, 31, 32, 33, 34, 35, 36, 37, 38, 38-ਵੈਸਟ, 39, 40, 41, 43, 44, 45, 47, 48, 49, 51, 55, 56, 61, ਇੰਡਸਟਰੀਅਲ ਏਰੀਆ ਫੇਜ਼ 1 ਤੇ 2, ਰਾਮਦਰਬਾਰ, ਪੀ.ਜੀਆਈ. ਕੈਂਪਸ, ਸੀ.ਆਰ.ਪੀ.ਐਫ. ਕੈਂਪ, ਬੁੜੈਲ, ਬਾਪੂ ਧਾਮ ਕਾਲੋਨੀ, ਡੱਡੂਮਾਜਰਾ, ਦੜੂਆ, ਧਨਾਸ, ਹੱਲੋਮਾਜਰਾ, ਖੁੱਡਾ ਜੱਸੂ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਖੁੱਡਾ ਅਲੀਸ਼ੇਰ, ਮਲੋਆ, ਮਨੀਮਾਜਰਾ, ਮੌਲੀ ਜੱਗਰਾਂ, ਰਾਏਪੁਰ ਖੁਰਦ ਦੇ ਵਸਨੀਕ ਹਨ। ਅੱਜ 293 ਮਰੀਜ਼ਾਂ ਡਿਸਚਾਰਜ ਹੋਏ ਹਨ ਤੇ ਹੁਣ ਤੱਕ 8342 ਮਰੀਜ਼ ਡਿਸਚਾਰਜ ਹੋ ਚੁੱਕੇ ਹਨ।  

ਮੁਹਾਲੀ ਜ਼ਿਲ੍ਹੇ ਵਿੱਚ ਦੋ ਮੌਤਾਂ; 169 ਨਵੇਂ ਕੇਸ

ਮੁਹਾਲੀ (ਖੇਤਰੀ ਪ੍ਰਤੀਨਿਧ): ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਕਾਰਨ ਅੱਜ ਦੋ ਮਰੀਜ਼ਾਂ ਦੀ ਮੌਤ ਹੋਈ ਹੈ। ਜ਼ਿਲ੍ਹੇ ਵਿੱਚ ਕਰੋਨਾ ਦੇ 169 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 349 ਮਰੀਜ਼ ਠੀਕ ਹੋਏ ਹਨ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਨਵੇਂ ਪਾਜ਼ੇਟਿਵ ਕੇਸਾਂ ਵਿਚ ਮੁਹਾਲੀ ਸ਼ਹਿਰੀ ਖੇਤਰ ਤੋਂ 96, ਖਰੜ ਖੇਤਰ ਤੋਂ 27, ਬਲਾਕ ਘੜੂੰਆਂ ਤੋਂ 6, ਢਕੌਲੀ ਖੇਤਰ ਤੋਂ 18, ਡੇਰਾਬੱਸੀ ਖੇਤਰ ਤੋਂ 16, ਬੂਥਗੜ੍ਹ ਖੇਤਰ ਤੋਂ ਇਕ ਅਤੇ ਲਾਲੜੂ ਖੇਤਰ ਤੋਂ 5 ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਅੱਜ ਦੋ ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚ ਫੇਜ਼-1 ਮੁਹਾਲੀ ਤੋਂ 77 ਸਾਲਾ ਪੁਰਸ਼ (ਦਿਲ ਦਾ ਮਰੀਜ਼) ਅਤੇ  ਮੁੱਲਾਂਪੁਰ ਗਰੀਬਦਾਸ ਤੋਂ 45 ਸਾਲਾ ਮਹਿਲਾ (ਸ਼ੂਗਰ ਅਤੇ ਹਾਈਪ੍ਰਟੈਂਸ਼ਨ) ਦੀ ਪੀਜੀਆਈ ਚੰਡੀਗੜ੍ਹ ਵਿਚ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ  ਵਿੱਚ ਹੁਣ ਤੱਕ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 6966 ਹੈ ਤੇ ਕੁੱਲ 173 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਜ਼ਿਲ੍ਹੇ  ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 107 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 101 ਕੇਸ ਪੰਚਕੂਲਾ ਇਲਾਕੇ ਨਾਲ ਸਬੰਧਤ ਹਨ। ਜ਼ਿਲ੍ਹੇ ਵਿੱਚ 4 ਮੌਤਾਂ ਵੀ ਹੋਈਆਂ ਹਨ। ਮਰਨ ਵਾਲਿਆਂ ਵਿੱਚ ਇੱਕ ਵਿਅਕਤੀ ਟਿਪਰਾ ਦਾ ਵਸਨੀਕ ਸੀ, ਦੋ ਵਿਅਕਤੀ ਕਾਲਕਾ ਦੇ ਤੇ ਇਕ ਔਰਤ ਸੈਕਟਰ-20 ਦੀ ਰਹਿਣ ਵਾਲੀ ਸੀ।  

ਕਰੋਨਾ ਮਰੀਜ਼ਾਂ ਲਈ ਬੈੱਡਾਂ ਦੇ ਪ੍ਰਬੰਧ ਸਬੰਧੀ ਮੀਟਿੰਗ

ਚੰਡੀਗੜ੍ਹ (ਆਤਿਸ਼ ਗੁਪਤਾ): ਸ਼ਹਿਰ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਬੈੱਡਾਂ ਦੀ ਵਿਵਸਥਾ ਲਈ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਸ਼ਹਿਰ ਦੀਆਂ ਤਿੰਨ ਪ੍ਰਮੁੱਖ ਸਿਹਤ ਸੰਸਥਾਵਾਂ (ਪੀਜੀਆਈ, ਸੈਕਟਰ-16 ਤੇ 32 ਦੇ ਹਸਪਤਾਲ) ਨੂੰ ਸਾਂਝੀ ਟੀਮ ਤਿਆਰ ਕਰਨ ਦੀ ਹਦਾਇਤ ਦਿੱਤੀ ਹੈ। ਇਹ ਟੀਮ ਕੇਂਦਰੀਕ੍ਰਿਤ ਢੰਗ ਨਾਲ ਕੰਮ ਕਰੇਗੀ ਅਤੇ ਲੋੜ ਪੈਣ ’ਤੇ ਮਰੀਜ਼ ਨੂੰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ’ਚ ਬੈੱਡ ਮੁਹੱਈਆ ਕਰਵਾਇਆ ਜਾ ਸਕੇਗਾ। ਪ੍ਰਸ਼ਾਸਕ ਨੇ ਇਸ ਗੱਲ ’ਤੇ ਤਸੱਲੀ ਜਤਾਈ ਕਿ ਕਰੋਨਾ ਮਰੀਜ਼ਾਂ ਨੂੰ ਸਹੂਲਤਾਂ ਦੇਣ ਲਈ ਤਿੰਨੋਂ ਸਰਕਾਰੀ ਮੈਡੀਕਲ ਸੰਸਥਾਵਾਂ ਵਿੱਚ ਤਾਲਮੇਲ ਵਧੀਆ ਢੰਗ ਨਾਲ ਜਾਰੀ ਹੈ ਅਤੇ ਜਿਨ੍ਹਾਂ ਕਰੋਨਾ ਮਰੀਜ਼ਾਂ ਨੂੰ ਨਿਯਮਤ ਤੌਰ ’ਤੇ ਡਾਇਲੇਸਿਸ ਦੀ ਜ਼ਰੂਰਤ ਹੈ, ਊਨ੍ਹਾਂ ਦਾ ਸਮੇਂ ਸਿਰ ਡਾਇਲੇਸਿਸ ਕੀਤਾ ਜਾ ਰਿਹਾ ਹੈ। ਪ੍ਰਸ਼ਾਸਕ ਨੇ ਨਗਰ ਨਿਗਮ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਹਦਾਇਤ ਦਿੱਤੀ ਕਿ ਮੀਂਹ ਕਰਕੇ ਪੈਦਾ ਹੋਣ ਵਾਲੇ ਮੱਛਰਾਂ/ਰੋਗਾਂ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਸਮੇਂ-ਸਮੇਂ ’ਤੇ ਸ਼ਹਿਰ ਵਿੱਚ ਪੁਖਤਾ ਪ੍ਰਬੰਧ ਕੀਤੇ ਜਾਣ। ਸ੍ਰੀ ਬਦਨੌਰ ਨੇ ਸ਼ਹਿਰ ਦੇ ਵਪਾਰੀਆਂ ਅਤੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਹਰ ਸਮੇਂ ਮਾਸਕ ਪਹਿਨਣ ਸਬੰਧੀ ਅਪੀਲ ਕੀਤੀ। 

ਸ਼ਹਿਰ ’ਚ 24 ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ

ਚੰਡੀਗੜ੍ਹ ’ਚ ਰੋਜ਼ਾਨਾ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ’ਤੇ ਨੱਥ ਪਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ 23 ਨਵੇਂ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ। ਇਨ੍ਹਾਂ ’ਚ ਸੈਕਟਰ-7, 15, 19, 20, 24, 27, 32, 33, 35, 37, 39, 41, 44, 46, ਮੌਲੀ ਕੰਪਲੈਕਸ, ਰਾਮ ਦਰਬਾਰ ਫੇਜ਼-2, ਨਿਊ ਇੰਦਰਾ ਕਲੋਨੀ, ਇੰਦਰਾ ਕਲੋਨੀ ਅਤੇ ਪੀਪਲੀ ਵਾਲਾ ਟਾਊਨ ਮਨੀਮਾਜਰਾ ਦੇ ਚੋਣਵੇਂ ਘਰ ਸ਼ਾਮਲ ਹਨ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਸ਼ਹਿਰ ਵਿੱਚ ਇਨ੍ਹਾਂ ਕੰਟੇਨਮੈਂਟ ਜ਼ੋਨਾਂ ਦਾ ਐਲਾਨ ਕੀਤਾ ਗਿਆ ਹੈ। 16 ਸਤੰਬਰ ਨੂੰ ਵੀ ਯੂਟੀ ਪ੍ਰਸ਼ਾਸਨ ਨੇ ਸ਼ਹਿਰ ’ਚ 27 ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All