‘ਦਿ ਟ੍ਰਿਬਿਊਨ’ ਉੱਤੇ ਭਰੋਸਾ
‘ਦਿ ਟ੍ਰਿਬਿਊਨ’ ਨਾਲ ਜੁੜੀ ਮੇਰੀ ਸਭ ਤੋਂ ਪਹਿਲੀ ਯਾਦ 1967 ਦੀ ਹੈ। ਮੇਰੇ ਪਿਤਾ ਜੀ ਬਿਹਾਰ ਕੇਡਰ ਦੇ ਆਈ ਏ ਐੱਸ ਅਧਿਕਾਰੀ ਸਨ ਅਤੇ ਅਸੀਂ ਸਕੂਲ ਦੀਆਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਅਕਸਰ ਪੰਜਾਬ ਆਇਆ ਕਰਦੇ ਸਾਂ। ਅਸੀਂ ਪਹਿਲਾਂ ਚੰਡੀਗੜ੍ਹ ਵਿੱਚ...
‘ਦਿ ਟ੍ਰਿਬਿਊਨ’ ਨਾਲ ਜੁੜੀ ਮੇਰੀ ਸਭ ਤੋਂ ਪਹਿਲੀ ਯਾਦ 1967 ਦੀ ਹੈ। ਮੇਰੇ ਪਿਤਾ ਜੀ ਬਿਹਾਰ ਕੇਡਰ ਦੇ ਆਈ ਏ ਐੱਸ ਅਧਿਕਾਰੀ ਸਨ ਅਤੇ ਅਸੀਂ ਸਕੂਲ ਦੀਆਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਅਕਸਰ ਪੰਜਾਬ ਆਇਆ ਕਰਦੇ ਸਾਂ। ਅਸੀਂ ਪਹਿਲਾਂ ਚੰਡੀਗੜ੍ਹ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰੁਕਦੇ ਅਤੇ ਫਿਰ ਆਪਣੇ ਪਿੰਡ ਘੜੂੰਆਂ ਜਾਂਦੇ। ਬਿਹਾਰ ਵਿੱਚ ਸਾਨੂੰ ਹਿੰਦੀ ਦੇ ਵੀ ਕਈ ਅਖ਼ਬਾਰ ਮਿਲਦੇ ਸਨ, ਪਰ ਪੰਜਾਬ ਵਿੱਚ ਜ਼ਿਆਦਾਤਰ ਲੋਕ ਮੁੱਖ ਤੌਰ ’ਤੇ ‘ਦਿ ਟ੍ਰਿਬਿਊਨ’ ਹੀ ਪੜ੍ਹਦੇ ਸਨ। ਪਿੰਡਾਂ ਵਿੱਚ ਇਹ ਇੱਕੋ-ਇੱਕ ਅੰਗਰੇਜ਼ੀ ਅਖ਼ਬਾਰ ਸੀ, ਜੋ ਚੰਡੀਗੜ੍ਹ ਤੋਂ ਬੱਸ ਰਾਹੀਂ ਆਉਂਦਾ ਸੀ। ਇਸ ਲਈ ਇਹ ਦੁਪਹਿਰ ਤੱਕ ਪਹੁੰਚਦਾ।
ਇਸ ਵਿੱਚ ਪੰਜਾਬ ਅਤੇ ਹਥਿਆਰਬੰਦ ਸੈਨਾਵਾਂ ਬਾਰੇ ਹਰ ਤਰ੍ਹਾਂ ਦੀਆਂ ਖ਼ਬਰਾਂ ਹੁੰਦੀਆਂ ਸਨ। ਐਤਵਾਰ ਨੂੰ ਕੇਸੀਂ ਇਸ਼ਨਾਨ ਕਰ ਕੇ ਆਪਣੇ ਘਰ ਦੀ ਬਗੀਚੀ ’ਚ ਧੁੱਪ ਸੇਕਦਿਆਂ ‘ਦਿ ਟ੍ਰਿਬਿਊਨ’ ਪੜ੍ਹਨਾ ਸਾਡੇ ਲਈ ਸਕੂਨ ਦਾ ਸਿਖ਼ਰ ਹੁੰਦਾ ਸੀ।
ਮੇਰੀ ਨਿਯੁਕਤੀ 1980 ਵਿੱਚ ਆਦਮਪੁਰ ਵਿਖੇ ਹੋਈ ਅਤੇ ਮੈਂ ‘ਦਿ ਟ੍ਰਿਬਿਊਨ’ ਲਗਵਾ ਲਿਆ। ਜਦ ਵੀ ਮੇਰੀ ਪੋਸਟਿੰਗ ਪੰਜਾਬ ਜਾਂ ਹਰਿਆਣਾ ਵਿੱਚ ਰਹੀ, ਮੈਂ ‘ਦਿ ਟ੍ਰਿਬਿਊਨ’ ਅਖ਼ਬਾਰ ਪੜ੍ਹਨਾ ਜਾਰੀ ਰੱਖਿਆ। ਇਸ ਅਖ਼ਬਾਰ ਦੀ ਮੈਨੂੰ ਇਹ ਗੱਲ ਬਹੁਤ ਪਸੰਦ ਹੈ ਕਿ ਇਸ ਨੇ ਫ਼ੌਜ ਨਾਲ ਸਬੰਧਿਤ ਮਾਮਲਿਆਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ (ਟ੍ਰਾਈਸਿਟੀ) ਦੇ ਜ਼ਿਆਦਾਤਰ ਸੇਵਾਮੁਕਤ ਫ਼ੌਜੀਆਂ ਦਾ ਇਹ ਪਸੰਦੀਦਾ ਅਖ਼ਬਾਰ ਹੈ।
ਮੇਰੀਆਂ ਕੁਝ ਨਿੱਘੀਆਂ ਨਿੱਜੀ ਯਾਦਾਂ ਵੀ ਇਸ ਨਾਲ ਜੁੜੀਆਂ ਹੋਈਆਂ ਹਨ। ‘ਦਿ ਟ੍ਰਿਬਿਊਨ’ ਵਿੱਚ ਪਹਿਲੀ ਵਾਰ ਮੇਰਾ ਨਾਂ 26 ਜਨਵਰੀ 1999 ਨੂੰ ਛਪਿਆ ਸੀ, ਜਦ ਮੈਨੂੰ ਰਾਸ਼ਟਰਪਤੀ ਵੱਲੋਂ ਵਾਯੂ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਫਿਰ 15 ਅਗਸਤ 1999 ਨੂੰ ਕਾਰਗਿਲ ਜੰਗ ਤੋਂ ਬਾਅਦ ਜਦੋਂ ਮੈਨੂੰ ਯੁੱਧ ਸੇਵਾ ਮੈਡਲ ਮਿਲਿਆ, ਉਦੋਂ ਫਿਰ ਮੇਰਾ ਨਾਮ ਇਸ ਅਖ਼ਬਾਰ ਵਿੱਚ ਛਪਿਆ।
ਵਾਈਸ-ਚੀਫ ਬਣਨ ਮਗਰੋਂ ਮੀਡੀਆ ਨਾਲ ਮੇਰਾ ਰਾਬਤਾ ਵਧ ਗਿਆ। ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ‘ਦਿ ਟ੍ਰਿਬਿਊਨ’ ਇੱਕ ਬਹੁਤ ਹੀ ਸੰਤੁਲਿਤ ਅਖ਼ਬਾਰ ਹੈ, ਜੋ ਬਿਨਾਂ ਕਿਸੇ ਪੱਖਪਾਤ ਤੋਂ ਸਿੱਕੇ ਦੇ ਦੋਵੇਂ ਪਹਿਲੂਆਂ ਨੂੰ ਪੇਸ਼ ਕਰਦਾ ਹੈ।
‘ਦਿ ਟ੍ਰਿਬਿਊਨ’ ਦੇ ਰੱਖਿਆ ਪ੍ਰਤੀਨਿਧ ਅਜੈ ਬੈਨਰਜੀ ਨੇ ਫ਼ੌਜ ਨਾਲ ਸਬੰਧਿਤ ਸਾਰੀਆਂ ਖ਼ਬਰਾਂ ਨੂੰ ਬਹੁਤ ਵਿਸਤਾਰ ਨਾਲ ਕਵਰ ਕੀਤਾ। ਇੱਥੋਂ ਤੱਕ ਕਿ ਮਨੁੱਖੀ ਦਿਲਚਸਪੀ ਵਾਲੀਆਂ ਕਹਾਣੀਆਂ ਵੀ, ਜਿਵੇਂ ਕਿ ਜਦੋਂ ਮੈਂ 2018 ਵਿੱਚ ਏਅਰ ਫੋਰਸ ਡੇਅ ਪਰੇਡ ਲਈ ਆਪਣੇ ਐੱਨ ਡੀ ਏ ਡਰਿੱਲ ਸਾਹਿਬ, ਕੈਪਟਨ ਫਕੀਰ ਸਿੰਘ ਨੂੰ ਲੈ ਕੇ ਆਇਆ ਸੀ। ਬਾਲਾਕੋਟ ਹਵਾਈ ਹਮਲਿਆਂ ਤੋਂ ਬਾਅਦ ਜਦੋਂ ਦੁਸ਼ਮਣ ਵੱਲੋਂ ਕਾਫ਼ੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਮੈਂ ਘਟਨਾਕ੍ਰਮ ਬਾਰੇ ਆਪਣਾ ਪੱਖ ਪੇਸ਼ ਕਰਨ ਲਈ ਹਮੇਸ਼ਾ ‘ਦਿ ਟ੍ਰਿਬਿਊਨ’ ’ਤੇ ਭਰੋਸਾ ਕੀਤਾ।
‘ਦਿ ਟ੍ਰਿਬਿਊਨ’ ਸੱਠ ਸਾਲਾਂ ਤੋਂ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਹੁਣ ਸੇਵਾਮੁਕਤੀ ਤੋਂ ਬਾਅਦ ਪੰਜਾਬ ਆ ਵਸਣ ’ਤੇ ਵੀ ਇਹ ਸਿਲਸਿਲਾ ਜਾਰੀ ਹੈ। ਮੈਂ ‘ਦਿ ਟ੍ਰਿਬਿਊਨ’ ਦੀ 145ਵੀਂ ਵਰ੍ਹੇਗੰਢ ’ਤੇ ਇਸ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। -ਲੇਖਕ ਹਵਾਈ ਸੈਨਾ ਦੇ ਸਾਬਕਾ ਮੁਖੀ ਹਨ।

