DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੱਚ ਦਾ ਵਿਆਕਰਨ

  ‘ਦਿ ਟ੍ਰਿਬਿਊਨ’ ਜਦੋਂ 145 ਸਾਲਾਂ ਦਾ ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਇਸ ਨਾਲ ਮੇਰਾ ਰਿਸ਼ਤਾ ਇੱਕ ‘ਵਫ਼ਾਦਾਰ ਪਾਠਕ’ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਮੇਰੇ ਚੇਤਿਆਂ ’ਚ ਡੂੰਘਾ ਵੱਸਿਆ ਹੋਇਆ ਹੈ ਕਿਉਂਕਿ ਇਹ ਸਭ ਸੱਚੋ-ਸੱਚ ਦੱਸਦਾ ਹੈ। ਅਖ਼ਬਾਰ...

  • fb
  • twitter
  • whatsapp
  • whatsapp
Advertisement

 

‘ਦਿ ਟ੍ਰਿਬਿਊਨ’ ਜਦੋਂ 145 ਸਾਲਾਂ ਦਾ ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਇਸ ਨਾਲ ਮੇਰਾ ਰਿਸ਼ਤਾ ਇੱਕ ‘ਵਫ਼ਾਦਾਰ ਪਾਠਕ’ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਮੇਰੇ ਚੇਤਿਆਂ ’ਚ ਡੂੰਘਾ ਵੱਸਿਆ ਹੋਇਆ ਹੈ ਕਿਉਂਕਿ ਇਹ ਸਭ ਸੱਚੋ-ਸੱਚ ਦੱਸਦਾ ਹੈ। ਅਖ਼ਬਾਰ ਦੇ ਆਪਣੇ ਸਿਧਾਂਤ ਇਸ ਨੂੰ ਬੜੀ ਸਪੱਸ਼ਟਤਾ ਨਾਲ ਬਿਆਨਦੇ ਹਨ ਕਿ ਇਹ ਭੜਕਾਊ ਭਾਸ਼ਾ ਅਤੇ ਪੱਖਪਾਤ ਦੀ ਥਾਂ ਹਮੇਸ਼ਾ ਸੰਜਮ ਤੇ ਨਿਮਰਤਾ ਭਰੀ ਭਾਸ਼ਾ ਵਰਤੇਗਾ ਅਤੇ ਆਜ਼ਾਦੀ ਦੇ ‘ਅਸਲ ਮਾਅਨੇ ਸਮਝ’ ਕੇ ਉੱਚੇ-ਸੁੱਚੇ ਅਸੂਲਾਂ ’ਤੇ ਚੱਲੇਗਾ।

Advertisement

​ਅਜੋਕੇ ਭਾਰਤ ਦੇ ਬਿਰਤਾਂਤ ਵਿੱਚ ਇਨ੍ਹਾਂ ਸਿਧਾਂਤਾਂ ਦੀ ਚਰਚਾ ਸਭ ਤੋਂ ਵੱਧ ਲੋੜੀਂਦੀ ਹੈ। ਸਾਡੇ ਮੀਡੀਆ ਦਾ ਬਹੁਤਾ ਹਿੱਸਾ ਪੱਤਰਕਾਰੀ ਦੇ ਨਾਂ ’ਤੇ ਸਿਰਫ਼ ਸ਼ੋਰ-ਗੁਲ ਬਣ ਕੇ ਰਹਿ ਗਿਆ ਹੈ, ਜਿੱਥੇ ਬਿਨਾਂ ਰੁਕੇ ‘ਬ੍ਰੇਕਿੰਗ ਨਿਊਜ਼’ ਚੱਲਦੀ ਹੈ, ਹਰ ਘੰਟੇ ਇੱਕ ਨਵਾਂ ਹੰਗਾਮਾ ਖੜ੍ਹਾ ਕੀਤਾ ਜਾਂਦਾ ਹੈ ਅਤੇ ਰਾਸ਼ਟਰੀ ਸੁਰੱਖਿਆ ਨੂੰ ਇੱਕ ਗੰਭੀਰ ਮੁੱਦੇ ਵਜੋਂ ਵਿਚਾਰਨ ਦੀ ਬਜਾਏ ਸਿਰਫ਼ ਇਸ ਦੀ ਡੌਂਡੀ ਪਿੱਟੀ ਜਾਂਦੀ ਹੈ।

Advertisement

​‘ਦਿ ਟ੍ਰਿਬਿਊਨ’ ਦੀ ਤਾਕਤ ਤਿੰਨ ਮੁੱਖ ਕਾਰਕਾਂ ’ਤੇ ਟਿਕੀ ਹੋਈ ਹੈ। ਪਹਿਲਾ, ਇਸ ਦਾ ਸੰਚਾਲਨ ਉੱਘੀਆਂ ਸ਼ਖ਼ਸੀਅਤਾਂ ਦੇ ਇੱਕ ਟਰੱਸਟ ਵੱਲੋਂ ਕੀਤਾ ਜਾਂਦਾ ਹੈ, ਜੋ ਇਸ ਨੂੰ ਮੀਡੀਆ ਦੀ ਉਸ ਦੁਨੀਆ ਤੋਂ ਵੱਖ ਰੱਖਦਾ ਹੈ ਜਿੱਥੇ ਮਾਲਕੀ ਅਕਸਰ ਵਪਾਰਕ, ​​ਰਾਜਨੀਤਕ ਅਤੇ ਵਿਚਾਰਧਾਰਕ ਬੋਝ ਹੇਠ ਦੱਬੀ ਹੁੰਦੀ ਹੈ। ਇਹ ਟਰੱਸਟ ਅਖ਼ਬਾਰ ਨੂੰ ਇਨ੍ਹਾਂ ਸਾਰੇ ਪ੍ਰਭਾਵਾਂ ਤੋਂ ਦੂਰ ਰੱਖਦਾ ਹੈ, ਜਿਸ ਕਾਰਨ ਇੱਥੇ ਸੱਤਾ ਸਾਹਮਣੇ ਸੱਚ ਬੋਲਣ ਦੀ ਆਜ਼ਾਦੀ ਹੈ।

​ਦੂਜਾ, ‘ਦਿ ਟ੍ਰਿਬਿਊਨ’ ਉੱਤਰੀ ਭਾਰਤ ਦਾ ਮੋਹਰੀ ਅਖ਼ਬਾਰ ਹੈ। ਇਹ ਖਿੱਤਾ ਸਰਹੱਦ ਦੇ ਨੇੜੇ ਹੈ, ਜੋ ਅਤਿਵਾਦ, ਸੰਘੀ ਟਕਰਾਅ, ਖੇਤੀਬਾੜੀ ਨਿਰਭਰਤਾ ਅਤੇ ਜਲਵਾਯੂ ਤਬਦੀਲੀਆਂ ਦੇ ਮਸਲਿਆਂ ਨਾਲ ਸਿੱਝਦਾ ਆ ਰਿਹਾ ਹੈ। ਇਸ ਖੇਤਰ ਦੀ ਰਿਪੋਰਟਿੰਗ ਸੰਤੁਲਿਤ, ਸੂਖ਼ਮ ਅਤੇ ਮਾਨਵੀ ਪੱਖ ਨੂੰ ਮੁੱਖ ਰੱਖਣ ਵਾਲੀ ਹੋਣੀ ਚਾਹੀਦੀ ਹੈ। ਇਸ ਲਈ ਮੈਨੂੰ ਜਦੋਂ ਸਭ ’ਤੇ ਅਸਰਅੰਦਾਜ਼ ਹੋਣ ਵਾਲੇ ਸੰਵੇਦਨਸ਼ੀਲ ਮੁੱਦਿਆਂ ’ਤੇ ਸਹੀ ਅਤੇ ਹਕੀਕੀ ਦ੍ਰਿਸ਼ਟੀਕੋਣ ਦੀ ਲੋੜ ਹੁੰਦੀ ਹੈ ਤਾਂ ਮੈਂ ਅਕਸਰ ‘ਦਿ ਟ੍ਰਿਬਿਊਨ’ ਤੋਂ ਸੇਧ ਲੈਂਦਾ ਹਾਂ।

​ਤੀਜੀ ਅਤੇ ਸ਼ਾਇਦ ਸਭ ਤੋਂ ਵੱਡੀ ਤਾਕਤ, ‘ਦਿ ਟ੍ਰਿਬਿਊਨ’ ਦੇ ਸੰਪਾਦਕੀ ਪੰਨੇ ਹਨ। ਇਨ੍ਹਾਂ ਦਾ ਮਿਆਰ ਬੇਮਿਸਾਲ ਹੈ। ਇਹ ਤਰਕ ਦਿੱਤਾ ਜਾਂਦਾ ਹੈ ਕਿ ਇਹ ਅਖ਼ਬਾਰ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ’ਤੇ ਜ਼ਿਆਦਾ ਧਿਆਨ ਦਿੰਦਾ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਖ਼ਬਾਰ ਦੇ ਪਾਠਕ ਜਿਸ ਖਿੱਤੇ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦੀ ਗੱਲ ਕਰਨਾ ਅਖ਼ਬਾਰ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ।

​ਮੈਂ ਖ਼ੁਦ ‘ਦਿ ਟ੍ਰਿਬਿਊਨ’ ਲਈ ਲਿਖਦਾ ਰਿਹਾ ਹਾਂ ਅਤੇ ਇਸ ਅਖ਼ਬਾਰ ਦੇ ਸੁਭਾਅ ਨੇ ਮੈਨੂੰ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦੇ ਤਰੀਕੇ ਵਿੱਚ ਵਧੇਰੇ ਜਵਾਬਦੇਹ ਹੋਣਾ ਸਿਖਾਇਆ ਹੈ। ਭਰੋਸੇਯੋਗਤਾ ਨੂੰ ਸਨਸਨੀਖੇਜ਼ ਸੁਰਖ਼ੀਆਂ ਜਾਂ ਬੇਲੋੜੀਆਂ ਬਹਿਸਾਂ ਨਾਲ ਨਹੀਂ ਸਗੋਂ ਤਰਕਪੂਰਨ ਦਲੀਲਾਂ ਨਾਲ ਹੀ ਕਾਇਮ ਰੱਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਸੂਝਵਾਨ ਲੋਕ ਪੜ੍ਹਨਗੇ, ਉਨ੍ਹਾਂ ’ਤੇ ਸਵਾਲ ਕਰਨਗੇ ਅਤੇ ਹਰ ਇੱਕ ਸ਼ਬਦ ਨੂੰ ਪਰਖਣਗੇ।

​ਫ਼ੌਜ ਵਿੱਚ ਅਸੀਂ ਸਮਝਦੇ ਹਾਂ ਕਿ ਮੁਕੰਮਲ ਪ੍ਰਬੀਨਤਾ ਹਾਸਲ ਕਰਨਾ ਅਸੰਭਵ ਹੈ। ਕੋਈ ਸੰਗਠਨ ਆਪਣੀਆਂ ਰਵਾਇਤਾਂ ਅਤੇ ਕਦਰਾਂ-ਕੀਮਤਾਂ ’ਤੇ ਪਹਿਰਾ ਦੇ ਕੇ ਹੀ ਆਪਣਾ ਲਚਕੀਲਾਪਣ ਕਾਇਮ ਰੱਖ ਸਕਦਾ ਹੈ। ਇਸ ਪੱਖ ਤੋਂ ‘ਦਿ ਟ੍ਰਿਬਿਊਨ’ ਵਿਲੱਖਣ ਨਜ਼ਰ ਆਉਂਦਾ ਹੈ।

-ਲੇਖਕ ਫ਼ੌਜ ਦੀ ਉੱਤਰੀ ਕਮਾਨ ਦੇ ਸਾਬਕਾ ਮੁਖੀ ਹਨ।

Advertisement
×