‘ਦਿ ਟ੍ਰਿਬਿਊਨ’ ਦੀ ਪਹਿਲੀ ਸੰਪਾਦਕੀ - ‘ਸਾਡੇ ਬਾਰੇ’
2 ਫਰਵਰੀ 1881 ‘ਦਿ ਟ੍ਰਿਬਿਊਨ’ ਦੇ ਸੰਚਾਲਕਾਂ ਦੀ ਨਾ ਤਾਂ ਕੋਈ ਨਿੱਜੀ ਮਾਨਤਾ ਹੈ ਅਤੇ ਨਾ ਹੀ ਇਸ ਅਖ਼ਬਾਰ ਰਾਹੀਂ ਕੋਈ ਨਿੱਜੀ ਹਿੱਤ ਪੂਰਿਆ ਜਾਣਾ ਹੈ। ਇਹ ਕਾਰਜ ਕਰਨ ਹਿੱਤ ਸਾਡੀ ਕਿਸੇ ਵੀ ਤਰ੍ਹਾਂ ਦੇ ਵਿੱਤੀ ਲਾਭ ਦੀ ਕੋਈ...
2 ਫਰਵਰੀ 1881
‘ਦਿ ਟ੍ਰਿਬਿਊਨ’ ਦੇ ਸੰਚਾਲਕਾਂ ਦੀ ਨਾ ਤਾਂ ਕੋਈ ਨਿੱਜੀ ਮਾਨਤਾ ਹੈ ਅਤੇ ਨਾ ਹੀ ਇਸ ਅਖ਼ਬਾਰ ਰਾਹੀਂ ਕੋਈ ਨਿੱਜੀ ਹਿੱਤ ਪੂਰਿਆ ਜਾਣਾ ਹੈ। ਇਹ ਕਾਰਜ ਕਰਨ ਹਿੱਤ ਸਾਡੀ ਕਿਸੇ ਵੀ ਤਰ੍ਹਾਂ ਦੇ ਵਿੱਤੀ ਲਾਭ ਦੀ ਕੋਈ ਲਾਲਸਾ ਨਹੀਂ ਹੈ। ਸਾਡਾ ਮਕਸਦ ਸਿਰਫ਼ ਲੋਕ ਭਲਾਈ ਲਈ ਕੰਮ ਕਰਨਾ ਹੈ।
ਲੋਕਾਂ ਦੀ ਆਵਾਜ਼ ਵਜੋਂ ‘ਦਿ ਟ੍ਰਿਬਿਊਨ’ ਵਿਆਪਕ ਉਦਾਰਵਾਦੀ ਸਿਧਾਂਤਾਂ ਮੁਤਾਬਿਕ ਚਲਾਇਆ ਜਾਵੇਗਾ। ਸਾਡੀਆਂ ਸੰਵੇਦਨਾਵਾਂ ਸਾਰੇ ਵਰਗਾਂ ਨਾਲ ਹੋਣਗੀਆਂ। ਅਸੀਂ ਕਿਸੇ ਵਿਸ਼ੇਸ਼ ਨਸਲ, ਸ਼੍ਰੇਣੀ ਜਾਂ ਵਿਚਾਰਾਂ ਨਾਲ ਨਹੀਂ ਜੁੜਾਂਗੇ ਅਤੇ ਨਾ ਹੀ ਕਿਸੇ ਵਿਸ਼ੇਸ਼ ਪਾਰਟੀ ਦੇ ਵਿਚਾਰਾਂ ਨੂੰ ਪ੍ਰਮੁੱਖਤਾ ਦੇਣ ਦੀ ਕੋਸ਼ਿਸ਼ ਕਰਾਂਗੇ।
ਸਾਡਾ ਅਖ਼ਬਾਰ ਲੋਕ ਹਿੱਤਾਂ ਦੇ ਪਹਿਰੇਦਾਰ ਵਜੋਂ ਕਿਸੇ ਵਰਗ ਵਿਸ਼ੇਸ਼ ਦੇ ਹਿੱਤ ਪੂਰੇ ਜਾਣ ਵਿਰੁੱਧ ਸਪੱਸ਼ਟਤਾ ਨਾਲ ਬੋਲਣ ਤੋਂ ਗੁਰੇਜ਼ ਨਹੀਂ ਕਰੇਗਾ ਅਤੇ ਜਦ ਵੀ ਕੋਈ ਆਮ ਲੋਕਾਂ ਦੀ ਭਲਾਈ ਵਿੱਚ ਰੁਕਾਵਟ ਬਣੇਗਾ ਤਾਂ ਅਸੀਂ ਉਨ੍ਹਾਂ ’ਤੇ ਨਿਡਰਤਾ ਨਾਲ ਸਵਾਲ ਉਠਾਉਣ ਤੋਂ ਪਿੱਛੇ ਨਹੀਂ ਹਟਾਂਗੇ। ਅਸੀਂ ਲੋਕਾਂ ਦੀਆਂ ਸ਼ਿਕਾਇਤਾਂ, ਉਮੀਦਾਂ ਅਤੇ ਇੱਛਾਵਾਂ ਨੂੰ ਸਰਕਾਰ ਤੱਕ ਪਹੁੰਚਾਵਾਂਗੇ। ਇਸ ਦੇ ਨਾਲ ਹੀ ਲੋੜ ਪੈਣ ’ਤੇ ਸਰਕਾਰੀ ਕਦਮਾਂ ਅਤੇ ਕਾਰਵਾਈਆਂ ਦੀ ਸੁਤੰਤਰ, ਪਰ ਸੰਜਮੀ ਅਤੇ ਸੰਤੁਲਿਤ ਸ਼ਬਦਾਂ ’ਚ ਆਲੋਚਨਾ ਵੀ ਕੀਤੀ ਜਾਵੇਗੀ। ਸਮਾਜ ਦੀਆਂ ਅਸਲ ਭਾਵਨਾਵਾਂ ਨੂੰ ਆਵਾਜ਼ ਦੇਣੀ ਸਾਡਾ ਫਰਜ਼ ਹੋਵੇਗਾ। ਇਹ ਅਖ਼ਬਾਰ ਲੋਕਾਂ, ਖ਼ਾਸਕਰ ਉੱਤਰੀ ਭਾਰਤ ਵਿੱਚ ਰਹਿਣ ਵਾਲਿਆਂ ਦੀਆਂ ਦਬੀਆਂ-ਕੁਚਲੀਆਂ ਆਵਾਜ਼ਾਂ ਨੂੰ ਬੁਲੰਦ ਕਰਨ, ਉਨ੍ਹਾਂ ਨੂੰ ਸੇਧ ਦੇਣ ਅਤੇ ਸਿੱਖਿਅਤ ਕਰਨ ਲਈ ਆਪਣੀ ਪੂਰੀ ਵਾਹ ਲਾਵੇਗਾ। ਧਾਰਮਿਕ ਮਾਮਲਿਆਂ ਵਿੱਚ ਅਸੀਂ ਪੂਰੀ ਤਰ੍ਹਾਂ ਨਿਰਪੱਖ ਰਹਾਂਗੇ। ਸਮਾਜਿਕ ਵਿਸ਼ਿਆਂ ’ਤੇ ਸਾਡੀ ਸੰਵੇਦਨਾ ਹਲੀਮੀ ਭਰੀ ਅਤੇ ਸਾਵਧਾਨੀ ਨਾਲ ਕੀਤੇ ਗਏ ਸੁਧਾਰਾਂ ਦੇ ਪੱਖ ਵਿੱਚ ਹੋਵੇਗੀ।

