DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿੰਦਗੀ ਭਰ ਦੀ ਸਾਂਝ

‘ਦਿ ਟ੍ਰਿਬਿਊਨ’ ਨਾਲ ਮੇਰਾ ਵਾਸਤਾ ਸਕੂਲ ਦੇ ਦਿਨਾਂ ਵਿੱਚ ਪਿਆ ਸੀ। ਉਦੋਂ ਤੋਂ ਹੀ ਮੇਰੇ ਦਿਨ ਦੀ ਸ਼ੁਰੂਆਤ ਚਾਹ ਦੀਆਂ ਚੁਸਕੀਆਂ ਅਤੇ ‘ਦਿ ਟ੍ਰਿਬਿਊਨ’ ਨਾਲ ਹੁੰਦੀ ਹੈ। ਭਾਵੇਂ ਮੈਂ ਅਧਿਆਪਨ ਕਾਰਜਾਂ ਲਈ ਅਮਰੀਕਾ ਵਿੱਚ ਹੀ ਕਿਉਂ ਨਾ ਰਿਹਾ ਹੋਵਾਂ, ਮੈਂ...

  • fb
  • twitter
  • whatsapp
  • whatsapp
Advertisement

‘ਦਿ ਟ੍ਰਿਬਿਊਨ’ ਨਾਲ ਮੇਰਾ ਵਾਸਤਾ ਸਕੂਲ ਦੇ ਦਿਨਾਂ ਵਿੱਚ ਪਿਆ ਸੀ। ਉਦੋਂ ਤੋਂ ਹੀ ਮੇਰੇ ਦਿਨ ਦੀ ਸ਼ੁਰੂਆਤ ਚਾਹ ਦੀਆਂ ਚੁਸਕੀਆਂ ਅਤੇ ‘ਦਿ ਟ੍ਰਿਬਿਊਨ’ ਨਾਲ ਹੁੰਦੀ ਹੈ। ਭਾਵੇਂ ਮੈਂ ਅਧਿਆਪਨ ਕਾਰਜਾਂ ਲਈ ਅਮਰੀਕਾ ਵਿੱਚ ਹੀ ਕਿਉਂ ਨਾ ਰਿਹਾ ਹੋਵਾਂ, ਮੈਂ ਅੱਜ ਤੱਕ ਇੱਕ ਵੀ ਅੰਕ ਪੜ੍ਹਨੋਂ ਨਹੀਂ ਛੱਡਿਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ‘ਦਿ ਟ੍ਰਿਬਿਊਨ’ ਵਿੱਚ ਮੇਰੀ ਪਹਿਲੀ ਲਿਖਤ ‘ਸੰਪਾਦਕ ਨੂੰ ਪੱਤਰ’ (ਲੈਟਰ ਟੂ ਦਿ ਐਡੀਟਰ) ਦੇ ਰੂਪ ਵਿੱਚ ਛਪੀ ਸੀ। ਉਸ ਤੋਂ ਬਾਅਦ ਮੈਂ ਸਿੱਖ ਇਤਿਹਾਸ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਘਟਨਾਵਾਂ ’ਤੇ ਅਖ਼ਬਾਰ ਦੇ ਵਿਸ਼ੇਸ਼ ਅੰਕਾਂ ਵਿੱਚ ਯੋਗਦਾਨ ਪਾਇਆ ਹੈ, ਖ਼ਾਸਕਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੋ ਸੌ ਸਾਲਾ ਦਿਹਾੜੇ, ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਭਾਈ ਵੀਰ ਸਿੰਘ ਜੀ ਦੇ 150ਵੇਂ ਜਨਮ ਦਿਹਾੜੇ ਮੌਕੇ।

​ਅਕਾਲੀ ਲਹਿਰ ਬਾਰੇ ਆਪਣੀ ਖੋਜ ਦੌਰਾਨ ਮੈਂ ਦੇਖਿਆ ਕਿ ‘ਦਿ ਟ੍ਰਿਬਿਊਨ’ ਹੀ ਇਕਲੌਤਾ ਭਰੋਸੇਯੋਗ ਸਰੋਤ ਸੀ, ਜਿਸ ਨੇ ਅਕਾਲੀਆਂ ਦੇ ਪੰਜ ਸਾਲ ਲੰਮੇ ਸੰਘਰਸ਼ (1920-1925) ਨੂੰ ਲਗਾਤਾਰ ਕਵਰ ਕੀਤਾ। ਮੈਂ ਪ੍ਰੋਫੈਸਰ ਰੁਚੀ ਰਾਮ ਸਾਹਨੀ ਦੀ ਉਸ ਵਿਸ਼ੇਸ਼ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ, ਜਿਸ ਤਹਿਤ ਉਨ੍ਹਾਂ ਸਰਕਾਰੀ ਪ੍ਰਾਪੇਗੰਡਾ ਨੂੰ ਨਕਾਰਦਿਆਂ ਲਹਿਰ ਦਾ ਸੱਚਾ ਅਤੇ ਰੋਜ਼ਾਨਾ ਦਾ ਲੇਖਾ-ਜੋਖਾ ਪੇਸ਼ ਕੀਤਾ। ਜਦੋਂ ਪ੍ਰੋਫੈਸਰ ਸਾਹਨੀ ਨੂੰ ਅਹਿਸਾਸ ਹੋਇਆ ਕਿ ‘ਦਿ ਟ੍ਰਿਬਿਊਨ’ ਦੇ ਟਰੱਸਟੀ ਹੋਣ ਦੇ ਨਾਤੇ ਉਹ ਸ਼ਾਂਤਮਈ ਅਕਾਲੀ ਵਲੰਟੀਅਰਾਂ ’ਤੇ ਹੋ ਰਹੇ ਪੁਲੀਸ ਤਸ਼ੱਦਦ ਨੂੰ ਬੇਨਕਾਬ ਕਰਨ ਲਈ ਗੁਰੂ ਕਾ ਬਾਗ ਨਹੀਂ ਜਾ ਸਕਦੇ ਤਾਂ ਉਨ੍ਹਾਂ ਨੇ ਟਰੱਸਟੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਪੱਤਰਕਾਰ ਬਣ ਗਏ। ਇਸ ਨਾਲ ਉਹ ਬਰਤਾਨਵੀ ਸ਼ਾਸਨ ਖ਼ਿਲਾਫ਼ ਅਕਾਲੀਆਂ ਦੇ ਰੋਹ ਦਾ ਅੱਖੀਂ ਦੇਖਿਆ ਹਾਲ ਬਿਆਨ ਕਰਨ ਦੇ ਯੋਗ ਹੋ ਸਕੇ। ਇਹ ਇੱਕ ਅਜਿਹਾ ਅੰਦੋਲਨ ਸੀ, ਜਿਸ ਨੂੰ ਮਹਾਤਮਾ ਗਾਂਧੀ ਨੇ ‘ਭਾਰਤ ਦੇ ਆਜ਼ਾਦੀ ਸੰਗਰਾਮ ਦੀ ਪਹਿਲੀ ਜਿੱਤ’ ਦੱਸਿਆ ਸੀ।

Advertisement

​ਪ੍ਰੋ. ਸਾਹਨੀ ਨੇ ਇਸ ਲਹਿਰ ਦਾ ਇੱਕ ਭਰੋਸੇਯੋਗ ਬਿਰਤਾਂਤ ਆਪਣੀ ਕਿਤਾਬ ‘ਸਟਰੱਗਲ ਫੌਰ ਰਿਫਾਰਮ ਇਨ ਸਿੱਖ ਸ਼ਰਾਈਨਜ਼’ ਵਿੱਚ ਵੀ ਦਰਜ ਕੀਤਾ ਹੈ, ਜੋ ਕਿ 1965 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਜਦੋਂ ਅਸੀਂ ਅਕਾਲੀ ਲਹਿਰ ਦੀ ਸ਼ਤਾਬਦੀ ਮਨਾਉਣ ਲਈ ਇੱਕ ਸੈਮੀਨਾਰ ਕਰਵਾਇਆ ਤਾਂ ਅਸੀਂ ਪ੍ਰੋਫੈਸਰ ਰੁਚੀ ਰਾਮ ਸਾਹਨੀ ਦੀ ਪੜਪੋਤੀ ਡਾ. ਨੀਰਾ ਬੁਰਾ ਨੂੰ ਸੱਦਿਆ, ਜਿਨ੍ਹਾਂ ਨੂੰ ਅਸੀਂ ਮਹਾਨ ਅਕਾਲੀ ਆਗੂ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਨਾਲ ਸਨਮਾਨਿਤ ਕੀਤਾ।

Advertisement

​ਸਮੁੰਦਰੀ ਹੋਰਾਂ ਨੇ ਕੁਝ ਹੋਰਨਾਂ ਆਗੂਆਂ ਵਾਂਗ ਸ਼ਰਤੀਆ ਰਿਹਾਈ ’ਤੇ ਦਸਤਖ਼ਤ ਕਰਕੇ ਜੇਲ੍ਹੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅੰਤ ਵਿੱਚ 17 ਜੁਲਾਈ 1926 ਨੂੰ ਜੇਲ੍ਹ ਵਿੱਚ ਹੀ ਸ਼ਹੀਦੀ ਪ੍ਰਾਪਤ ਕੀਤੀ। ਇਸ ਮੌਕੇ ਮੇਰੇ ਦੁਆਰਾ ਸੰਪਾਦਿਤ ਇੱਕ ਕਿਤਾਬ ‘ਸੀਕਰੇਟ ਐਂਡ ਪ੍ਰਾਈਵੇਟ ਪੇਪਰਜ਼ ਔਫ ਦਿ ਅਕਾਲੀ ਮੂਵਮੈਂਟ’ ਵੀ ਰਿਲੀਜ਼ ਕੀਤੀ ਗਈ, ਜਿਸ ਦੀ ਭੂਮਿਕਾ ਮਾਰਕ ਟੱਲੀ ਨੇ ਲਿਖੀ ਸੀ। ਇੱਕ ਅਜੀਬ ਇਤਫ਼ਾਕ ਨਾਲ ਇਸ ਕਿਤਾਬ ਦੀ ਸਮੀਖਿਆ ਪਹਿਲੀ ਫਰਵਰੀ 2026 ਨੂੰ ‘ਦਿ ਟ੍ਰਿਬਿਊਨ’ ਦੇ ਮੈਗਜ਼ੀਨ ਵਿੱਚ ਛਪੀ।

​ਮੈਂ ‘ਦਿ ਟ੍ਰਿਬਿਊਨ’ ਅਤੇ ਇਸ ਦੇ ਦੂਰਦਰਸ਼ੀ ਬਾਨੀ ਸਰਦਾਰ ਦਿਆਲ ਸਿੰਘ ਮਜੀਠੀਆ ਬਾਰੇ ਵੀ ਪੜ੍ਹਦਾ ਰਿਹਾ ਹਾਂ। ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ‘ਦਿ ਟ੍ਰਿਬਿਊਨ’ ਦੇ ਟਰੱਸਟੀਆਂ ਨੇ ਸੰਸਥਾਪਕ ਦੀ ਵਿਰਾਸਤ ਦੀ ਬੜੀ ਤਨਦੇਹੀ ਨਾਲ ਰਾਖੀ ਕੀਤੀ ਹੈ ਅਤੇ ਇਸ ਦੇ ਉਦਾਰਵਾਦੀ ਕਿਰਦਾਰ ਨੂੰ ਬਰਕਰਾਰ ਰੱਖਿਆ ਹੈ। ਮੈਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਮੁੱਖ ਸੰਪਾਦਕ ਅਤੇ ਸੰਪਾਦਕੀ ਸਟਾਫ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਨਿਡਰ ਸੰਪਾਦਕੀ ਲਿਖਣਾ ਜਾਰੀ ਰੱਖ ਰਹੇ ਹਨ।

​ਟ੍ਰਿਬਿਊਨ ਟਰੱਸਟ ਦੇ ਚੇਅਰਮੈਨ ਸ੍ਰੀ ਐੱਨ.ਐੱਨ. ਵੋਹਰਾ ਦੀ ਪ੍ਰੇਰਨਾ ਸਦਕਾ, ਮੈਂ ਡਾ. ਅਮਰੀਕ ਸਿੰਘ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਸਾਡੀ ਸੰਸਥਾ ਦੀ ਗਵਰਨਿੰਗ ਬਾਡੀ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਨੂੰ ‘ਦਿ ਟ੍ਰਿਬਿਊਨ’ ਵਿੱਚ ‘ਡਾ. ਮਨਮੋਹਨ: ਦਿ ਅਥੈਂਟਿਕ ਜੈਂਟਲਮੈਨ’ ਦੇ ਸਿਰਲੇਖ ਹੇਠ ਇੱਕ ਲੇਖ ਲਿਖ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ ਸੀ।

-ਲੇਖਕ ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ ਤੇ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਦਾ ਡਾਇਰੈਕਟਰ ਹੈ।

Advertisement
×