ਮੇਰੀ ਜ਼ਿੰਦਗੀ ਦੀ ਡਾਇਰੀ
ਉੱਤਰ ਪ੍ਰਦੇਸ਼ ਵਿੱਚ ਜੰਮੀ ਪਲੀ ਹੋਣ ਕਰਕੇ ਅਤੇ ਲਗਾਤਾਰ ‘ਦਿ ਪਾਇਨੀਅਰ’ ਅਖ਼ਬਾਰ ਪੜ੍ਹਨ ਦੀ ਆਦੀ ਹੋਣ ਕਾਰਨ ਮੈਂ ਇਹ ਮੰਨਦੀ ਹਾਂ ਕਿ 1971 ਵਿੱਚ ਪੰਜਾਬ ਆਉਣ ਤੱਕ ਮੈਂ ਕਦੇ ਵੀ ‘ਦਿ ਟ੍ਰਿਬਿਊਨ’ ਬਾਰੇ ਨਹੀਂ ਸੁਣਿਆ ਸੀ। ਅੱਜ ਜਦੋਂ ਮੈਂ...
ਉੱਤਰ ਪ੍ਰਦੇਸ਼ ਵਿੱਚ ਜੰਮੀ ਪਲੀ ਹੋਣ ਕਰਕੇ ਅਤੇ ਲਗਾਤਾਰ ‘ਦਿ ਪਾਇਨੀਅਰ’ ਅਖ਼ਬਾਰ ਪੜ੍ਹਨ ਦੀ ਆਦੀ ਹੋਣ ਕਾਰਨ ਮੈਂ ਇਹ ਮੰਨਦੀ ਹਾਂ ਕਿ 1971 ਵਿੱਚ ਪੰਜਾਬ ਆਉਣ ਤੱਕ ਮੈਂ ਕਦੇ ਵੀ ‘ਦਿ ਟ੍ਰਿਬਿਊਨ’ ਬਾਰੇ ਨਹੀਂ ਸੁਣਿਆ ਸੀ। ਅੱਜ ਜਦੋਂ ਮੈਂ ਇਹ ਲੇਖ ਲਿਖਣ ਬੈਠੀ ਹਾਂ ਤਾਂ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਇਸ ਨਾਲ ਮੇਰਾ ਸਾਥ 50 ਸਾਲਾਂ ਦਾ ਹੋ ਚੱਲਿਆ ਹੈ। ਅਖ਼ਬਾਰ ਇੱਕ ਅਜਿਹੀ ਆਦਤ ਬਣ ਜਾਂਦੇ ਹਨ, ਜਿਸ ਤੋਂ ਬਿਨਾਂ ਤੁਸੀਂ ਰਹਿ ਨਹੀਂ ਸਕਦੇ ਅਤੇ ਭਾਵੇਂ ਹੁਣ ਮੈਂ ਹੋਰ ਵੀ ਬਹੁਤ ਸਾਰੇ ਅਖ਼ਬਾਰ ਪੜ੍ਹਦੀ ਹਾਂ, ਪਰ ‘ਦਿ ਟ੍ਰਿਬਿਊਨ’ ਮੇਰੀ ਜ਼ਿੰਦਗੀ ਦਾ ਉਹ ਹਿੱਸਾ ਹੈ ਜਿਸ ਨੂੰ ਮੈਂ ਕਦੇ ਛੱਡ ਨਹੀਂ ਸਕਦੀ।
ਮੈਂ ਪਹਿਲੀ ਵਾਰ ਇਸ ਅਖ਼ਬਾਰ ਲਈ ਇੱਕ ਨ੍ਰਿਤ ਆਲੋਚਕ ਵਜੋਂ ਲਿਖਣਾ ਸ਼ੁਰੂ ਕੀਤਾ ਸੀ। ਉਦੋਂ ਸਤਿਕਾਰਯੋਗ ਡਾ. ਬੀ.ਐੱਨ. ਗੋਸਵਾਮੀ ਇਸ ਦੇ ਸੰਗੀਤ ਆਲੋਚਕ ਸਨ ਅਤੇ ਮੈਂ ਇਸ ਗੱਲ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਸੀ ਕਿ ਉਨ੍ਹਾਂ ਦੀ ਤੁਲਨਾ ਵਿੱਚ ਮੇਰਾ ਕੱਦ ਕਿੰਨਾ ਛੋਟਾ ਹੈ। ਫਿਰ ਵੀ ਮੈਂ ਇਹ ਸਿੱਖਿਆ ਕਿ ਅਖ਼ਬਾਰ ਵਿੱਚ ਕਿਵੇਂ ਲਿਖਿਆ ਜਾਂਦਾ ਹੈ ਤਾਂ ਜੋ ਮੈਂ ਪਾਠਕਾਂ ਤੱਕ ਇਹ ਗੱਲ ਪਹੁੰਚਾ ਸਕਾਂ ਕਿ ਇੱਕ ਪੇਸ਼ਕਾਰੀ ਮੇਰੇ ਲਈ ਕੀ ਮਾਅਨੇ ਰੱਖਦੀ ਹੈ। ਉਸ ਸਮੇਂ ਚੰਡੀਗੜ੍ਹ ਦੇ ਲੋਕਾਂ ਵਿੱਚ ਇੱਕ ਅਜਿਹਾ ਨਿੱਘ ਅਤੇ ਅਪਣੱਤ ਸੀ, ਜਿਸ ਨੇ ਮੈਨੂੰ ਕਈ ਅਜਿਹੀਆਂ ਸ਼ਖ਼ਸੀਅਤਾਂ ਦੇ ਸੰਪਰਕ ਵਿੱਚ ਲਿਆਂਦਾ ਜੋ ਅੱਜ ਮਹਾਨ ਹਸਤੀਆਂ ਮੰਨੀਆਂ ਜਾਂਦੀਆਂ ਹਨ: ਚੰਪਾ ਮੰਗਤ ਰਾਏ, ਨਵਜੀਵਨ ਖੋਸਲਾ, \Bਬਲਬੀਰ ਗਾਰਗੀ\B ਅਤੇ ਹੋਰ ਬਹੁਤ ਸਾਰੇ ਨਾਂ, ਜਿਨ੍ਹਾਂ ਨੇ ‘ਦਿ ਟ੍ਰਿਬਿਊਨ’ ਨੂੰ ਦਿੱਲੀ ਤੋਂ ਲੈ ਕੇ ਸ੍ਰੀਨਗਰ ਤੱਕ ਪੂਰੇ ਖੇਤਰ ਦੀ ਆਵਾਜ਼ ਬਣਾਇਆ।
1990 ਵਿੱਚ ਦਿੱਲੀ ਚਲੇ ਜਾਣ ਤੋਂ ਬਾਅਦ ਵੀ ‘ਦਿ ਟ੍ਰਿਬਿਊਨ’ ਨਾਲ ਮੇਰਾ ਰਿਸ਼ਤਾ ਕਦੇ ਫਿੱਕਾ ਨਹੀਂ ਪਿਆ। ਇਸ ਲਈ ਜਦੋਂ ਜਸਟਿਸ ਐੱਸ.ਐੱਸ. ਸੋਢੀ, ਜੋ ਉਸ ਸਮੇਂ ਟ੍ਰਿਬਿਊਨ ਟਰੱਸਟ ਦੇ ਮੁਖੀ ਸਨ, ਨੇ ਮੈਨੂੰ ‘ਵਿਊ ਫਰੌਮ ਦਿੱਲੀ’ ਵਿਸ਼ੇ ’ਤੇ ਨਿਯਮਿਤ ਤੌਰ ’ਤੇ ਲਿਖਣ ਲਈ ਕਿਹਾ ਤਾਂ ਮੈਂ ਬਹੁਤ ਖ਼ੁਸ਼ ਹੋਈ। ਉਸ ਸਮੇਂ ਰਾਜ ਚੇਂਗੱਪਾ ਇਸ ਦੇ ਸੰਪਾਦਕ ਸਨ ਅਤੇ ਮੈਂ ਜਯਾ ਠਡਾਨੀ ਦੇ ਉਸ ਅੰਦਾਜ਼ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਜੋ ਉਹ ਪੁਰਾਣੇ ਸਮਿਆਂ ’ਚ ਆਪਣੇ ਕਾਲਮ ‘ਲੈਟਰ ਫਰੌਮ ਵਾਸ਼ਿੰਗਟਨ’ ਲਿਖਣ ਲਈ ਅਪਣਾਉਂਦੀ ਸੀ।
ਉਦੋਂ ਤੋਂ ਹੁਣ ਤੱਕ ਲਗਭਗ ਤਿੰਨ ਦਹਾਕੇ ਬੀਤ ਚੁੱਕੇ ਹਨ ਅਤੇ ਮੈਂ ਉਡੀਕਦੀ ਰਹਿੰਦੀ ਹਾਂ ਕਿ ਹਰੇਕ ਇਤਿਹਾਸਕ ਪਲ਼ ਨੂੰ ਉਸ ਅਖ਼ਬਾਰ ਨਾਲ ਹੀ ਮਨਾਵਾਂ, ਜਿਸ ਨੂੰ ਮੈਂ ਆਪਣੀ ਜ਼ਿੰਦਗੀ ਦੀ ‘ਡਾਇਰੀ’ ਮੰਨਦੀ ਹਾਂ।
* ਲੇਖਿਕਾ ਸਮਾਜਿਕ ਵਿਸ਼ਿਆਂ ਦੀ ਟਿੱਪਣੀਕਾਰ ਹੈ।

