Zomato Delivery Charges: ਜ਼ੋਮੈਟੋ ਤੋਂ ਖਾਣਾ ਮੰਗਵਾਉਣਾ ਹੋਇਆ ਮਹਿੰਗਾ
ਕੈਸ਼ ਆਨ ਡਿਲਿਵਰੀ ’ਤੇ ਦੇਣੇ ਪੈਣਗੇ 5 ਤੋਂ 20 ਰੁਪਏ ਵਾਧੂ; ਆਨਲਾਈਨ ਪੇਮੈਂਟ ’ਤੇ ਮਿਲੇਗੀ ਛੋਟ; ਨਵਾਂ ਪੇਅ ਆਨ ਡਿਲਿਵਰੀ ਚਾਰਜ ਲਾਗੂ
Zomato Delivery Charges: ਫੂਡ ਡਿਲਿਵਰੀ ਪਲੇਟਫਾਰਮ ਜ਼ੋਮੈਟੋ ਤੋਂ ਖਾਣਾ ਆਰਡਰ ਕਰਨਾ ਹੁਣ ਹੋਰ ਮਹਿੰਗਾ ਹੋ ਗਿਆ ਹੈ। ਜੇਕਰ ਤੁਸੀਂ ਜ਼ੋਮੈਟੋ ਤੋਂ ਖਾਣਾ ਮੰਗਵਾਉਂਦੇ ਸਮੇਂ ਕੈਸ਼ ਆਨ ਡਿਲੀਵਰੀ (ਡਿਲਿਵਰੀ ਵੇਲੇ ਨਗ਼ਦ ਭੁਗਤਾਨ) ਦਾ ਵਿਕਲਪ ਚੁਣਦੇ ਹੋ ਤਾਂ ਤੁਹਾਨੂੰ 5 ਰੁਪਏ ਵੱਧ ਦੇਣੇ ਪੈਣਗੇ।
ਇਹ ਨਵੀਂ ਦਰ ਐਪ ਦੀ ਬਿੱਲ ਸਮਰੀ ਵਿੱਚ 'ਪੇਅ ਆਨ ਡਿਲਿਵਰੀ ਫੀਸ' (Pay on Delivery Fee) ਦੇ ਨਾਮ ਨਾਲ ਵੱਖਰੇ ਤੌਰ ’ਤੇ ਜੁੜੇਗਾ। ਕੁਝ ਯੂਜ਼ਰਜ਼ ਦੇ ਐਪ ਬਿੱਲ ਵਿੱਚ ਇਹ ਫੀਸ 7 ਰੁਪਏ ਤੋਂ ਲੈ ਕੇ 20 ਰੁਪਏ ਤੱਕ ਵੱਖ-ਵੱਖ ਵੀ ਦਿਖਾਈ ਦੇ ਰਹੀ ਹੈ।
ਡਿਜੀਟਲ ਭੁਗਤਾਨ ਕਰਨ ਵਾਲਿਆਂ ਨੂੰ ਛੋਟ
ਹਾਲਾਂਕਿ ਜਿਹੜੇ ਗਾਹਕ ਯੂ.ਪੀ.ਆਈ. (UPI), ਕ੍ਰੈਡਿਟ/ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਵਰਗੇ ਡਿਜੀਟਲ ਮਾਧਿਅਮਾਂ ਰਾਹੀਂ ਆਨਲਾਈਨ ਭੁਗਤਾਨ ਕਰਨਗੇ, ਉਨ੍ਹਾਂ ਨੂੰ ਇਹ ਵਾਧੂ ਚਾਰਜ ਨਹੀਂ ਦੇਣਾ ਪਵੇਗਾ। ਜ਼ੋਮੈਟੋ ਵੱਲੋਂ ਲਗਾਇਆ ਗਿਆ ਇਹ ਨਵਾਂ 'ਪੇਅ ਆਨ ਡਿਲਿਵਰੀ' ਚਾਰਜ ਕੰਪਨੀ ਦੀ ਪਲੇਟਫਾਰਮ ਫੀਸ, ਰੈਸਟੋਰੈਂਟ ਪੈਕਿੰਗ ਚਾਰਜ, ਡਿਲਿਵਰੀ ਚਾਰਜ ਅਤੇ ਜੀ.ਐੱਸ.ਟੀ. (GST) ਤੋਂ ਬਿਲਕੁਲ ਵੱਖਰਾ ਹੈ। ਹੁਣ ਗਾਹਕਾਂ ਨੂੰ ਖਾਣੇ ਦੇ ਨਾਲ-ਨਾਲ ਪੈਕਿੰਗ, ਡਿਲਿਵਰੀ, ਪਲੇਟਫਾਰਮ ਅਤੇ ਨਗ਼ਦ ਭੁਗਤਾਨ ਕਰਨ ਲਈ ਵੀ ਵੱਖਰੇ ਪੈਸੇ ਦੇਣੇ ਪੈਣਗੇ। ਹਾਲਾਂਕਿ, ਮੁਕਾਬਲੇਬਾਜ਼ ਕੰਪਨੀ 'ਸਵਿਗੀ' (Swiggy) ਨੇ ਫਿਲਹਾਲ ਅਜਿਹਾ ਕੋਈ ਚਾਰਜ ਲਾਗੂ ਨਹੀਂ ਕੀਤਾ ਹੈ।
ਛੋਟੀ ਰਕਮ ਨਾਲ ਕੰਪਨੀ ਨੂੰ ਹੋਵੇਗਾ ਕਰੋੜਾਂ ਰੁਪਏ ਦਾ ਫਾਇਦਾ
ਜ਼ੋਮੈਟੋ ’ਤੇ ਰੋਜ਼ਾਨਾ ਲਗਪਗ 23 ਤੋਂ 25 ਲੱਖ ਆਰਡਰ ਕੀਤੇ ਜਾਂਦੇ ਹਨ। ਜੇਕਰ ਸਿਰਫ਼ 5 ਰੁਪਏ ਦਾ ਛੋਟਾ ਜਿਹਾ ਵਾਧੂ ਚਾਰਜ ਵੀ ਲਗਾਇਆ ਜਾਵੇ, ਤਾਂ ਕੰਪਨੀ ਨੂੰ ਰੋਜ਼ਾਨਾ 1.25 ਕਰੋੜ ਰੁਪਏ ਤੱਕ ਦੀ ਵਾਧੂ ਕਮਾਈ ਹੋ ਸਕਦੀ ਹੈ। ਇਸ ਨਾਲ ਜ਼ੋਮੈਟੋ ਦਾ ਸਾਲਾਨਾ ਮੁਨਾਫ਼ਾ ਸੈਂਕੜੇ ਕਰੋੜ ਰੁਪਏ ਵਧ ਜਾਵੇਗਾ।
ਜ਼ਿਕਰਯੋਗ ਹੈ ਕਿ ਅਪਰੈਲ 2023 ਵਿੱਚ ਜ਼ੋਮੈਟੋ ਅਤੇ ਸਵਿਗੀ ਨੇ ਸਿਰਫ਼ 2 ਰੁਪਏ ਦੀ ਪਲੇਟਫਾਰਮ ਫੀਸ ਨਾਲ ਸ਼ੁਰੂਆਤ ਕੀਤੀ ਸੀ ਜੋ ਕਿ ਹੁਣ ਵਧ ਕੇ 14.99 ਰੁਪਏ ਪ੍ਰਤੀ ਆਰਡਰ (ਪਲੱਸ 18% GST) ਤੱਕ ਪਹੁੰਚ ਚੁੱਕੀ ਹੈ। ਈ-ਕਾਮਰਸ ਅਤੇ ਫੂਡ ਡਿਲਿਵਰੀ ਕੰਪਨੀਆਂ ਇਨ੍ਹਾਂ ਛੋਟੇ-ਛੋਟੇ ਚਾਰਜਾਂ ਰਾਹੀਂ ਹੀ ਸਾਲਾਨਾ 3,500 ਤੋਂ 4,000 ਕਰੋੜ ਰੁਪਏ ਦੀ ਮੋਟੀ ਕਮਾਈ ਕਰ ਲੈਂਦੀਆਂ ਹਨ।

