ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਨੇ ਸ਼ੁੱਕਰਵਾਰ ਨੂੰ ਟੈਲੀਕਾਮ (ਦੂਰਸੰਚਾਰ) ਨੈੱਟਵਰਕਾਂ ਅਤੇ ਸੇਵਾਵਾਂ ਵਿੱਚ ਮਨਸੂਈ ਬੌਧਿਕਤਾ (ਏ ਆਈ) ਦੀ ਸਹੀ ਅਤੇ ਜ਼ਿੰਮੇਵਾਰਾਨਾ ਵਰਤੋਂ ਲਈ ਡਰਾਫਟ (ਖਰੜਾ) ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ 27 ਨਵੰਬਰ 2026 ਤੱਕ ਸਬੰਧਤ ਧਿਰਾਂ ਅਤੇ ਆਮ ਲੋਕਾਂ ਤੋਂ ਸੁਝਾਅ ਮੰਗੇ ਗਏ ਹਨ। ਇਨ੍ਹਾਂ ਪ੍ਰਸਤਾਵਿਤ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਟੈਲੀਕਾਮ ਖੇਤਰ ਵਿੱਚ ਏ ਆਈ ਦੀ ਸੁਰੱਖਿਅਤ ਅਤੇ ਜਵਾਬਦੇਹ ਵਰਤੋਂ ਨੂੰ ਯਕੀਨੀ ਬਣਾਉਣਾ ਹੈ, ਤਾਂ ਜੋ ਉਦਯੋਗ ਜਗਤ ਅਤੇ ਰੈਗੂਲੇਟਰਾਂ ਲਈ ਵਧੇਰੇ ਸਪਸ਼ਟਤਾ ਲਿਆਂਦੀ ਜਾ ਸਕੇ।
ਇੱਕ ਅਧਿਕਾਰਤ ਬਿਆਨ ਅਨੁਸਾਰ, 'ਟੈਲੀਕਮਿਊਨੀਕੇਸ਼ਨ ਨੈੱਟਵਰਕਾਂ ਵਿੱਚ ਏ ਆਈ ਦੀ ਜ਼ਿੰਮੇਵਾਰਾਨਾ ਵਰਤੋਂ ਅਤੇ ਦੂਰਸੰਚਾਰ ਸੇਵਾਵਾਂ ਦੀ ਵਿਵਸਥਾ ਬਾਰੇ ਦਿਸ਼ਾ-ਨਿਰਦੇਸ਼' ਸਿਰਲੇਖ ਵਾਲੇ ਇਸ ਡਰਾਫਟ ਨੂੰ ਲੋਕਾਂ ਦੇ ਸੁਝਾਵਾਂ ਲਈ ਟਰਾਈ ਦੀ ਅਧਿਕਾਰਤ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ।
ਇਹ ਕਦਮ ਕੇਂਦਰ ਸਰਕਾਰ ਵੱਲੋਂ ਫਰਵਰੀ 2026 ਵਿੱਚ ਜਾਰੀ ਕੀਤੀਆਂ ਗਈਆਂ 'ਇੰਡੀਆ ਏ ਆਈ ਗਵਰਨੈਂਸ ਗਾਈਡਲਾਈਨਜ਼' ਤੋਂ ਬਾਅਦ ਚੁੱਕਿਆ ਗਿਆ ਹੈ। ਇਨ੍ਹਾਂ ਦਾ ਮਕਸਦ ਏ ਆਈ ਦੇ ਖਤਰਿਆਂ ਨਾਲ ਨਜਿੱਠਣ ਦੇ ਨਾਲ-ਨਾਲ ਦੇਸ਼ ਦੇ ਸਰਬਪੱਖੀ ਵਿਕਾਸ ਲਈ ਇਸ ਤਕਨੀਕ ਦਾ ਲਾਭ ਉਠਾਉਣਾ ਹੈ।
ਜ਼ਿਕਰਯੋਗ ਹੈ ਕਿ ਟੈਲੀਕਾਮ ਸੈਕਟਰ ਭਾਰਤ ਦੇ ਡਿਜੀਟਲ ਬੁਨਿਆਦੀ ਢਾਂਚੇ ਦਾ ਇੱਕ ਅਹਿਮ ਹਿੱਸਾ ਹੈ। ਅੱਜ ਇਹ ਸੈਕਟਰ ਲੋਕਾਂ ਨੂੰ ਆਪਸ ਵਿੱਚ ਜੋੜਨ, ਜ਼ਰੂਰੀ ਈ-ਸੇਵਾਵਾਂ ਪ੍ਰਦਾਨ ਕਰਨ ਅਤੇ ਵਪਾਰ ਕਰਨ ਵਿੱਚ ਮਦਦ ਕਰਦਾ ਹੈ। ਇਹ ਸਿਰਫ਼ ਸਮਾਜਿਕ ਅਤੇ ਆਰਥਿਕ ਗਤੀਵਿਧੀਆਂ ਲਈ ਹੀ ਨਹੀਂ, ਸਗੋਂ ਕੌਮੀ ਸੁਰੱਖਿਆ ਅਤੇ ਐਮਰਜੈਂਸੀ ਸੇਵਾਵਾਂ ਲਈ ਵੀ ਬਹੁਤ ਮਹੱਤਵਪੂਰਨ ਹੈ।
ਅੱਜ-ਕੱਲ੍ਹ ਟੈਲੀਕਾਮ ਨੈੱਟਵਰਕਾਂ ਅਤੇ ਸੇਵਾਵਾਂ ਵਿੱਚ ਏ ਆਈ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ, ਸਿਸਟਮ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਲਈ ਟਰਾਈ ਨੇ ਸਬੰਧਤ ਧਿਰਾਂ ਦੀ ਸਲਾਹ ਨਾਲ ਇਹ ਨਵੇਂ ਨਿਯਮ ਬਣਾਉਣ ਦਾ ਫੈਸਲਾ ਕੀਤਾ ਹੈ।

