DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਠਾਨਕੋਟ ਤੋਂ ਵਿਦੇਸ਼ਾਂ ਤੱਕ ਪਹੁੰਚੀ ਲੀਚੀ ਦੀ ਮਿਠਾਸ; ਹਰ ਸਾਲ ਵਧ ਰਿਹਾ ਲੀਚੀ ਦਾ ਰਕਬਾ, ਦੇਸ਼ ਦੇ ਵੱਡੇ ਸ਼ਹਿਰਾਂ ’ਚ ਪਹੁੰਚ ਰਹੀ ਰਸੀਲੀ ਸੌਗਾਤ

Pathankot Litchi: 8.3 ਟਨ ਲੀਚੀ ਵੱਖ-ਵੱਖ ਭਾਰਤੀ ਸੂਬਿਆਂ ਨੂੰ ਭੇਜੀ; 25 ਕੁਇੰਟਲ ਦੁਬਈ ਅਤੇ ਲੰਡਨ ਰਵਾਨਾ ਕਰਨ ਦੀ ਤਿਆਰੀ

  • fb
  • twitter
  • whatsapp
  • whatsapp
Advertisement
Pathankot Litchi: ਪਠਾਨਕੋਟ ਜ਼ਿਲ੍ਹੇ ਦੇ ਬਾਗਬਾਨਾਂ ਲਈ ਇਸ ਵਾਰ ਲੀਚੀ ਦਾ ਸੀਜ਼ਨ ਬੇਹੱਦ ਚੰਗਾ ਸਾਬਤ ਹੋ ਰਿਹਾ ਹੈ। ਜ਼ਿਲ੍ਹੇ ਦੇ ਅਨੁਕੂਲ ਮੌਸਮੀ ਹਾਲਾਤਾਂ ਸਦਕਾ ਇਸ ਵਾਰ ਲੀਚੀ ਦਾ ਉਤਪਾਦਨ ਨਾ ਸਿਰਫ਼ ਭਰਪੂਰ ਹੋਇਆ ਹੈ, ਸਗੋਂ ਇਸ ਦੀ ਗੁਣਵੱਤਾ ਵੀ ਮਿਆਰੀ ਰਹੀ ਹੈ। ਇੱਥੇ ਪੈਦਾ ਹੋਣ ਵਾਲੀ ਲੀਚੀ ਆਪਣੀ ਵਿਸ਼ੇਸ਼ ਪਛਾਣ—ਗੂੜ੍ਹੇ ਲਾਲ ਰੰਗ ਅਤੇ ਅਥਾਹ ਮਿਠਾਸ—ਕਾਰਨ ਦੇਸ਼ ਦੇ ਕੋਨੇ-ਕੋਨੇ ਵਿੱਚ ਆਪਣੀ ਵੱਖਰੀ ਥਾਂ ਬਣਾ ਰਹੀ ਹੈ।
ਇਸੇ ਕਾਰਨ ਪਠਾਨਕੋਟ ਦੀ ਲੀਚੀ ਦੀ ਮੰਗ ਹੁਣ ਕੇਵਲ ਸੂਬੇ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਦੇਸ਼ ਦੇ ਕਈ ਹੋਰ ਰਾਜਾਂ ਤੋਂ ਇਲਾਵਾ ਵਿਦੇਸ਼ੀ ਮੰਡੀਆਂ ਤੱਕ ਵੀ ਵੱਧ ਗਈ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਰੇਲ ਗੱਡੀ ਰਾਹੀਂ 8.3 ਟਨ ਲੀਚੀ ਵੱਖ-ਵੱਖ ਭਾਰਤੀ ਸੂਬਿਆਂ ਨੂੰ ਭੇਜੀ ਜਾ ਚੁੱਕੀ ਹੈ, ਜਦਕਿ ਗੁਣਵੱਤਾ ਅਤੇ ਸੁਆਦ ਦੀ ਮੰਗ ਨੂੰ ਦੇਖਦਿਆਂ 25 ਕੁਇੰਟਲ ਲੀਚੀ ਦੁਬਈ ਅਤੇ ਲੰਡਨ ਵਰਗੇ ਅੰਤਰਰਾਸ਼ਟਰੀ ਸ਼ਹਿਰਾਂ ਨੂੰ ਰਵਾਨਾ ਕਰਨ ਦੀ ਤਿਆਰੀ ਹੈ। ਲੀਚੀ ਦੇ ਇਸ ਸ਼ਾਨਦਾਰ ਉਤਪਾਦਨ ਨੇ ਪਠਾਨਕੋਟ ਦੇ ਬਾਗਬਾਨਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ ਅਤੇ ਸਥਾਨਕ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲਿਆ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਗਬਾਨੀ ਵਿਕਾਸ ਅਧਿਕਾਰੀ-ਕਮ- ਨੋਡਲ ਅਧਿਕਾਰੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਲੀਚੀ ਭੇਜਣ ਲਈ ਉਹ ਦਿੱਲੀ ਦੇ ਸਰਕਾਰੀ ਵਿਭਾਗ ‘ਅਪੇਡਾ’ (ਏਪੀਈਡੀਏ) ਨਾਲ ਸੰਪਰਕ ਕਰ ਰਹੇ ਹਨ। ਬਾਗਬਾਨਾਂ ਨੂੰ ਵਿਦੇਸ਼ਾਂ ਵਿੱਚ ਲੀਚੀ ਵੇਚ ਕੇ ਚੰਗਾ ਲਾਭ ਪ੍ਰਾਪਤ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਲੀਚੀ ਵਿਦੇਸ਼ਾਂ ਵਿੱਚ ਭੇਜੀ ਜਾ ਰਹੀ ਹੈ। ਹਰ ਸਾਲ ਲੀਚੀ ਦੇ ਰਕਬੇ ਵਿੱਚ 20 ਫੀਸਦੀ ਦਾ ਵਾਧਾ ਹੋ ਰਿਹਾ ਹੈ। ਪਿਛਲੇ ਸਾਲ ਪਠਾਨਕੋਟ ਜ਼ਿਲ੍ਹੇ ਅੰਦਰ 2300 ਹੈਕਟੇਅਰ ਰਕਬਾ ਸੀ, ਜਦ ਕਿ 150 ਹੈਕਟੇਅਰ ਰਕਬਾ ਹਰ ਸਾਲ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੀਚੀ ਰੇਲ ਗੱਡੀ ਰਾਹੀਂ ਬਾਂਦਰਾ, ਸੂਰਤ, ਸਹਾਰਨਪੁਰ, ਅਹਿਮਦਾਬਾਦ, ਦਿੱਲੀ, ਬੰਗਲੂਰੂ, ਕਲਕੱਤਾ, ਮੁੰਬਈ ਆਦਿ ਸ਼ਹਿਰਾਂ ਵਿੱਚ ਭੇਜੀ ਜਾ ਰਹੀ ਹੈ ਅਤੇ ਉੱਥੋਂ ਦੇ ਵਪਾਰੀ ਆ ਕੇ ਖ੍ਰੀਦ ਕਰ ਰਹੇ ਹਨ। ਇਸ ਦੇ ਇਲਾਵਾ ਟਰੱਕਾਂ ਰਾਹੀਂ ਵੀ ਭੇਜੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿਪਠਾਨਕੋਟ ਜ਼ਿਲ੍ਹੇ ਦੇ ਜਮਾਲਪੁਰ, ਮੁਰਾਦਪੁਰ, ਮਮੂਨ, ਫੂਲ ਪਿਆਰਾ, ਸ਼ੇਰਪੁਰ, ਸ਼ਰੀਫ ਚੱਕ, ਸਿਹੋੜਾ, ਕਥਲੌਰ, ਕੀੜੀ, ਗੋਲ ਦਤਿਆਲ ਛਾਉੜੀਆਂ, ਤਲੂਰ, ਕਟਾਰੂਚੱਕ ਆਦਿ ਪਿੰਡਾਂ ਵਿੱਚ ਲੀਚੀ ਦੇ ਚੰਗੇ ਬਾਗ ਹਨ।

Advertisement
Advertisement
×