Supreme Court Drug Prices: ‘ਕੀ ਪੂਰਾ ਸਿਸਟਮ ਫਾਰਮਾ ਕੰਪਨੀਆਂ ਦੀ ਮਦਦ ਲਈ ਹੀ ਕੰਮ ਕਰ ਰਿਹੈ’: ਸੁਪਰੀਮ ਕੋਰਟ
ਦਵਾਈਆਂ ਦੀ ਐੱਮ ਆਰ ਪੀ ਤੇ ਅਸਲ ਲਾਗਤ 'ਚ ਭਾਰੀ ਅੰਤਰ ’ਤੇ ਸੁਪਰੀਮ ਕੋਰਟ ਸਖ਼ਤ
Supreme Court Drug Prices: ਦਵਾਈਆਂ ਦੇ ਵੱਧ ਤੋਂ ਵੱਧ ਪ੍ਰਚੂਨ ਮੁੱਲ (MRP) ਅਤੇ ਰੀਟੇਲਰਾਂ ਲਈ ਕੀਮਤ (PTR) ਵਿਚਕਾਰ ਭਾਰੀ ਅੰਤਰ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹੈਰਾਨੀ ਜਤਾਈ ਕਿ ਕੀ ਪੂਰਾ ਸਿਸਟਮ ਫਾਰਮਾਸਿਊਟੀਕਲ (ਦਵਾਈ) ਕੰਪਨੀਆਂ ਦੀ ਮਦਦ ਲਈ ਕੰਮ ਕਰ ਰਿਹਾ ਹੈ।
ਸਰਬਉੱਚ ਅਦਾਲਤ ਦੀ ਇਹ ਟਿੱਪਣੀ ਕੇਂਦਰ ਦੇ ਇਸ ਜ਼ੁਬਾਨੀ ਬਿਆਨ ਤੋਂ ਬਾਅਦ ਆਈ ਹੈ ਕਿ ਉਸ ਦੀ ਨੀਤੀ "ਇਹ ਹੈ ਕਿ ਪੂਰੇ ਈਕੋਸਿਸਟਮ ਨੂੰ ਕੰਟਰੋਲ ਨਹੀਂ ਕੀਤਾ ਜਾਣਾ ਹੈ।" ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਪੁੱਛਿਆ, "ਪੂਰਾ ਸਿਸਟਮ ਇਹਨਾਂ ਲੋਕਾਂ (ਫਾਰਮਾ ਕੰਪਨੀਆਂ) ਦੀ ਮਦਦ ਲਈ ਕਿਉਂ ਕੰਮ ਕਰ ਰਿਹਾ ਹੈ?"
ਭਾਰਤ ਵਿੱਚ ਦਵਾਈਆਂ ਦੀਆਂ ਕੀਮਤਾਂ ਦੇ ਮੁੱਦੇ ਨੂੰ ਉਜਾਗਰ ਕਰਨ ਵਾਲੀਆਂ ਦੋ ਪਟੀਸ਼ਨਾਂ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖਦਿਆਂ, ਬੈਂਚ ਨੇ ਟਿੱਪਣੀ ਕੀਤੀ ਕਿ ਰਾਸ਼ਟਰੀ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਇੱਕ "ਪੂਰੀ ਤਰ੍ਹਾਂ ਗੈਰਸਰਗਰਮ (ਡਿਫੰਕਟ)" ਸੰਸਥਾ ਜਾਪਦੀ ਹੈ।
ਐੱਮਆਰਪੀ (MRP) ਅਤੇ ਪੀਟੀਆਰ (PTR) ਵਿਚਕਾਰ ਭਾਰੀ ਅੰਤਰ ਦਾ ਹਵਾਲਾ ਦਿੰਦਿਆਂ ਬੈਂਚ ਨੇ ਕਿਹਾ, "ਸਰਕਾਰ ਅਜਿਹਾ ਹੋਣ ਦੇ ਰਹੀ ਹੈ। ਇਹ ਸਰਕਾਰ ਦੀਆਂ ਆਪਣੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ। ਕੀ ਇਸ ਨੂੰ ਅੰਨ੍ਹੇਵਾਹ ਚੱਲਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ?"
ਕੇਂਦਰ ਵੱਲੋਂ ਪੇਸ਼ ਹੋਈ ਵਧੀਕ ਸੋਲਿਸਟਰ ਜਨਰਲ ਐਸ਼ਵਰਿਆ ਭਾਟੀ ਨੇ ਦਲੀਲ ਦਿੱਤੀ ਕਿ ਭਾਰਤ ਵਿੱਚ ਦਵਾਈਆਂ ਦੀਆਂ ਕੀਮਤਾਂ ਵਿਸ਼ਵ ਵਿੱਚ ਸਭ ਤੋਂ ਘੱਟ ਹਨ।
ਬੈਂਚ ਨੇ — ਜਿਸ ਨੇ ਮੌਜੂਦਾ ਡਰੱਗ ਪ੍ਰਾਈਸਿੰਗ ਰਿਜੀਮ (ਦਵਾਈਆਂ ਦੀਆਂ ਕੀਮਤਾਂ ਦੇ ਪ੍ਰਬੰਧ) ਨੂੰ "ਲੁੱਟ" ਅਤੇ "ਡਾਕਾ" ਕਰਾਰ ਦਿੱਤਾ ਜੋ ਲਾਚਾਰ ਮਰੀਜ਼ਾਂ ਦਾ ਸ਼ੋਸ਼ਣ ਕਰਦਾ ਹੈ — ਇੱਕ ਦਵਾਈ ਡੀਲਰ ਨਾਲ ਜੁੜੀ ਘਟਨਾ ਦਾ ਜ਼ਿਕਰ ਕੀਤਾ ਜਿਸ ਦੀ ਪਤਨੀ ਇੱਕ ਨਿੱਜੀ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੀ ਸੀ।
ਬੈਂਚ ਨੇ ਪੁੱਛਿਆ, "ਡੀਲਰ ਨੇ ਹਸਪਤਾਲ ਅਧਿਕਾਰੀਆਂ ਨੂੰ ਬੇਨਤੀ ਕੀਤੀ, 'ਸ਼੍ਰੀਮਾਨ, ਮੈਂ ਆਪ ਇੱਕ ਡੀਲਰ ਹਾਂ ਅਤੇ ਮੈਨੂੰ (ਕੀਮੋਥੈਰੇਪੀ) ਟੀਕਾ 11,000 ਰੁਪਏ ਡੀਲਰ ਕੀਮਤ 'ਤੇ ਮਿਲਦਾ ਹੈ।' ਹਸਪਤਾਲ ਨੇ ਉਹ ਟੀਕਾ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਸੇ ਟੀਕੇ ਲਈ 1,30,000 ਰੁਪਏ ਵਸੂਲੇ। ਕੀ ਤੁਸੀਂ ਇਸ ਲੁੱਟ ਦਾ ਕੋਈ ਵੀ ਜਾਇਜ਼ ਕਾਰਨ ਦਿਖਾ ਸਕਦੇ ਹੋ, ਕਿਰਪਾ ਕਰਕੇ? ਇਹ ਫ਼ਰਕ ਕਿਉਂ? ਪੈਸਾ ਕਿੱਥੇ ਜਾਂਦਾ ਹੈ?"।
ਜਦੋਂ ਭਾਟੀ ਨੇ ਕਿਹਾ ਕਿ ਸਰਕਾਰ ਕੀਮਤਾਂ ਦੀਆਂ ਨੀਤੀਆਂ ਨੂੰ "ਲਗਾਤਾਰ ਸੰਤੁਲਿਤ/ਕੈਲੀਬਰੇਟ" ਕਰ ਰਹੀ ਹੈ, ਤਾਂ ਬੈਂਚ ਨੇ ਪਲਟਵਾਂ ਵਾਰ ਕਰਦਿਆਂ ਕਿਹਾ, "ਤੁਹਾਡਾ ਕੈਲੀਬ੍ਰੇਸ਼ਨ ਬਹੁਤ ਜ਼ਿਆਦਾ ਗੜਬੜ ਹੈ। 11,000 ਰੁਪਏ ਤੋਂ 1,30,000 ਰੁਪਏ ਕੋਈ ਕੈਲੀਬ੍ਰੇਸ਼ਨ ਨਹੀਂ ਹੈ... ਜਦੋਂ ਤੁਸੀਂ ਮਰੀਜ਼ਾਂ ਅਤੇ ਜ਼ਿੰਦਗੀ ਦੀ ਗੱਲ ਕਰਦੇ ਹੋ, ਤਾਂ ਕੀ ਸਾਡੀ ਅਜਿਹੀ ਪੂੰਜੀਵਾਦੀ ਸੋਚ ਹੋਣੀ ਚਾਹੀਦੀ ਹੈ?"
ਕੈਂਸਰ ਵਿਰੋਧੀ ਦਵਾਈਆਂ ਦੇ ਟਰੇਡ ਮਾਰਜਿਨ ਨੂੰ ਐੱਮਆਰਪੀ ਦੇ 30% ਤੱਕ ਸੀਮਤ ਕਰਨ ਬਾਰੇ ਕੇਂਦਰ ਦੇ ਜਵਾਬ ਵਿੱਚ ਕਮੀ ਕੱਢਦਿਆਂ ਸੁਪਰੀਮ ਕੋਰਟ ਨੇ 12 ਅਕਤੂਬਰ ਨੂੰ ਕਿਹਾ ਸੀ ਕਿ "ਖ਼ੁਸ਼ ਹੋਣ ਵਾਲੀ ਸ਼ਾਇਦ ਹੀ ਕੋਈ ਗੱਲ ਹੈ" ਅਤੇ ਹੈਰਾਨੀ ਜਤਾਈ ਸੀ ਕਿ ਸਰਕਾਰ ਹੋਰ ਦਵਾਈਆਂ ਦੇ ਟਰੇਡ ਮਾਰਜਿਨ ਨੂੰ ਸੀਮਤ ਕਿਉਂ ਨਹੀਂ ਕਰ ਸਕਦੀ।
ਹਸਪਤਾਲਾਂ ਵੱਲੋਂ ਕੈਂਸਰ ਦੀਆਂ ਦਵਾਈਆਂ 'ਤੇ ਵਾਧੂ ਮੁਨਾਫ਼ਾ ਵਸੂਲਣ ਬਾਰੇ ਸਰਬਉੱਚ ਅਦਾਲਤ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਦਿਆਂ ਕੇਂਦਰ ਨੇ ਕੈਂਸਰ ਵਿਰੋਧੀ ਦਵਾਈਆਂ 'ਤੇ ਟਰੇਡ ਮਾਰਜਿਨ ਨੂੰ ਐੱਮਆਰਪੀ ਦੇ 30 ਫੀਸਦੀ ਤੱਕ ਸੀਮਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਮਰੀਜ਼ਾਂ ਨੂੰ ਸਾਲਾਨਾ ਲਗਪਗ 2,500 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ। ਇਹ ਫੈਸਲਾ 8 ਅਕਤੂਬਰ ਨੂੰ ਐੱਨਪੀਪੀਏ (NPPA) ਦੀ 151ਵੀਂ ਬੈਠਕ ਵਿੱਚ ਵਿਚਾਰਿਆ ਗਿਆ ਸੀ।
ਹਾਲਾਂਕਿ, ਬੈਂਚ ਨੇ ਇਸ ਨੂੰ ਨਾਕਾਫ਼ੀ ਕਰਾਰ ਦਿੰਦਿਆਂ ਉਜਾਗਰ ਕੀਤਾ ਸੀ ਕਿ ਇੱਕ ਸਿੰਗਲ ਸਲਾਈਨ ਡ੍ਰਿਪ ਬਾਜ਼ਾਰ ਵਿੱਚ 270 ਰੁਪਏ ਵਿੱਚ ਵੇਚੀ ਜਾਂਦੀ ਸੀ ਜਦੋਂ ਕਿ ਉਸ ਦੀ ਅਸਲ ਲਾਗਤ 11 ਰੁਪਏ ਸੀ।
ਬੈਂਚ ਨੇ ਭਾਟੀ ਨੂੰ ਦੱਸਿਆ ਸੀ, "ਇੱਥੇ ਖ਼ੁਸ਼ ਹੋਣ ਵਾਲੀ ਸ਼ਾਇਦ ਹੀ ਕੋਈ ਗੱਲ ਹੈ। ਮਰੀਜ਼ਾਂ ਦੇ ਫਾਇਦੇ ਲਈ ਅਸਲ ਵਿੱਚ ਕੁਝ ਵੀ ਨਹੀਂ ਹੈ।’’
ਬੈਂਚ ਨੇ ਇਸ਼ਾਰਾ ਕੀਤਾ ਸੀ ਕਿ ਭਾਰਤ ਵਿੱਚ ਬਣੇ ਕਾਰਡੀਐਕ ਸਟੰਟ ਦੀ ਲਾਗਤ ਲਗਪਗ 5,000 ਰੁਪਏ ਹੈ ਪਰ ਹਸਪਤਾਲਾਂ ਵੱਲੋਂ ਇਸ ਨੂੰ 25,000 ਰੁਪਏ ਤੋਂ ਵੱਧ ਵਿੱਚ ਵੇਚਿਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਆਮ ਐਂਟੀਬਾਇਓਟਿਕ ਅਜ਼ੀਥ੍ਰੋਮਾਈਸਿਨ 70 ਰੁਪਏ ਤੋਂ ਵੱਧ ਵਿੱਚ ਵੇਚੀ ਜਾਂਦੀ ਸੀ ਜਦੋਂ ਕਿ ਉਸ ਦੀ ਅਸਲ ਲਾਗਤ ਲਗਪਗ 28 ਰੁਪਏ ਹੀ ਸੀ।
ਸਰਕਾਰ ਨੇ ਆਪਣਾ ਪੱਖ ਰੱਖਿਆ ਕਿ ਦਵਾਈਆਂ ਦੀਆਂ ਕੀਮਤਾਂ ਨੂੰ ਇੱਕ ਹੱਦ ਤੋਂ ਵੱਧ ਨਹੀਂ ਬੰਨ੍ਹਿਆ ਜਾ ਸਕਦਾ ਕਿਉਂਕਿ ਵੱਧ ਮਾਰਜਿਨ ਨਾਲ ਇਹ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚਣ ਦੇ ਯੋਗ ਬਣਦੀਆਂ ਹਨ।
ਬੈਂਚ ਨੇ ਕਿਹਾ ਸੀ, ‘‘ਜੇ ਡੀਪੀਸੀਓ (Drugs (Prices Control) Order)-ਪ੍ਰਵਾਨਿਤ ਦਵਾਈਆਂ ਗਾਹਕਾਂ ਤੱਕ ਨਹੀਂ ਪਹੁੰਚਦੀਆਂ, ਤਾਂ ਇਹ ਯਕੀਨੀ ਬਣਾਉਣਾ ਸਰਕਾਰ ਦਾ ਫ਼ਰਜ਼ ਹੈ ਕਿ ਇਹ ਮਰੀਜ਼ ਤੱਕ ਪਹੁੰਚਣ। ਅਸਲ ਵਿਵਾਦ ਇਹ ਹੈ ਕਿ ਕਿਹੜੀ ਦਵਾਈ ਡੀਪੀਸੀਓ ਨਿਯੰਤਰਿਤ ਸੂਚੀ ਵਿੱਚ ਹੋਣੀ ਚਾਹੀਦੀ ਹੈ ਅਤੇ ਕਿਹੜੀ ਨਹੀਂ।’’

