Stock Market: ਜੰਗ ਘਟਣ ਦੀਆਂ ਉਮੀਦਾਂ ਕਾਰਨ ਸ਼ੇਅਰ ਬਾਜ਼ਾਰਾਂ ਵਿੱਚ ਲਗਾਤਾਰ ਦੂਜੇ ਦਿਨ ਤੇਜ਼ੀ
Stock Market: ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਲਗਾਤਾਰ ਦੂਜੇ ਦਿਨ ਵੱਡੀ ਤੇਜ਼ੀ ਦੇਖਣ ਨੂੰ ਮਿਲੀ, ਜਿੱਥੇ ਸੈਂਸੈਕਸ ਅਤੇ ਨਿਫਟੀ ਲਗਪਗ 2 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਪੱਛਮੀ ਏਸ਼ੀਆ ਵਿੱਚ ਤਣਾਅ ਘਟਣ...
Stock Market: ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਲਗਾਤਾਰ ਦੂਜੇ ਦਿਨ ਵੱਡੀ ਤੇਜ਼ੀ ਦੇਖਣ ਨੂੰ ਮਿਲੀ, ਜਿੱਥੇ ਸੈਂਸੈਕਸ ਅਤੇ ਨਿਫਟੀ ਲਗਪਗ 2 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਦੀਆਂ ਉਮੀਦਾਂ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਮਜ਼ਬੂਤ ਕੀਤਾ, ਜਿਸ ਨਾਲ 30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ 1,205 ਅੰਕ ਜਾਂ 1.63 ਫੀਸਦੀ ਉਛਲ ਕੇ 75,273.45 'ਤੇ ਬੰਦ ਹੋਇਆ, ਜਦੋਂ ਕਿ ਦਿਨ ਦੇ ਕਾਰੋਬਾਰ ਦੌਰਾਨ ਇਹ 1,781.31 ਅੰਕ ਤੱਕ ਚੜ੍ਹ ਗਿਆ ਸੀ।
ਇਸੇ ਤਰ੍ਹਾਂ ਐੱਨ ਐੱਸ ਈ ਨਿਫਟੀ 394.05 ਅੰਕ ਜਾਂ 1.72 ਫੀਸਦੀ ਦੇ ਵਾਧੇ ਨਾਲ 23,306.45 ’ਤੇ ਪਹੁੰਚ ਗਿਆ। ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਅਲਟਰਾਟੈੱਕ ਸੀਮੈਂਟ, ਬਜਾਜ ਫਾਈਨਾਂਸ, ਲਾਰਸਨ ਐਂਡ ਟੂਬਰੋ ਅਤੇ ਟਾਈਟਨ ਸਭ ਤੋਂ ਵੱਧ ਮੁਨਾਫੇ ਵਿੱਚ ਰਹੇ, ਜਦੋਂ ਕਿ ਟੈੱਕ ਮਹਿੰਦਰਾ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਵਰਗੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ।
ਮਾਹਿਰਾਂ ਅਨੁਸਾਰ ਅਮਰੀਕਾ ਅਤੇ ਇਰਾਨ ਵਿਚਾਲੇ ਸੰਭਾਵੀ ਕੂਟਨੀਤਕ ਪ੍ਰਗਤੀ ਅਤੇ ਜੰਗਬੰਦੀ ਦੀਆਂ ਰਿਪੋਰਟਾਂ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈ ਹੈ, ਜਿਸ ਦਾ ਸਕਾਰਾਤਮਕ ਅਸਰ ਏਸ਼ੀਆਈ ਅਤੇ ਯੂਰਪੀ ਬਾਜ਼ਾਰਾਂ 'ਤੇ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਮੰਗਲਵਾਰ ਨੂੰ 8,009.56 ਕਰੋੜ ਰੁਪਏ ਦੇ ਸ਼ੇਅਰ ਵੇਚੇ, ਪਰ ਘਰੇਲੂ ਨਿਵੇਸ਼ਕਾਂ ਦੀ ਖਰੀਦਦਾਰੀ ਨੇ ਬਾਜ਼ਾਰ ਨੂੰ ਸੰਭਾਲੀ ਰੱਖਿਆ।

