Stock Market: ਸੈਂਸੈਕਸ 1,124 ਅੰਕ ਦਾ ਗੋਤਾ ਲਗਾ ਕੇ ਛੇ ਮਹੀਨਿਆਂ ਦੇ ਹੇਠਲੇ ਪੱਧਰ 'ਤੇ
ਨਿਫਟੀ ਵੀ 22,800 ਤੋਂ ਹੇਠਾਂ ਆਇਆ
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਆਲਮੀ ਅਨਿਸ਼ਚਿਤਤਾ ਅਤੇ ਕਮਜ਼ੋਰ ਆਲਮੀ ਰੁਖ ਕਾਰਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਆਈ ਅਤੇ ਬੈਂਚਮਾਰਕ ਸੂਚਕ ਅੰਕ ਬੀ ਐੱਸ ਈ ਸੈਂਸੈਕਸ 1,124 ਅੰਕ ਦਾ ਗੋਤਾ ਲਗਾ ਕੇ ਛੇ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ। ਉੱਥੇ ਹੀ ਐੱਨ ਐੱਸ ਈ ਨਿਫਟੀ 22,800 ਅੰਕ ਤੋਂ ਹੇਠਾਂ ਰਿਹਾ।
30 ਸ਼ੇਅਰਾਂ ਵਾਲਾ ਸੈਂਸੈਕਸ 1,124.02 ਅੰਕ ਯਾਨੀ 1.52 ਫ਼ੀਸਦੀ ਡਿੱਗ ਕੇ 72,771.72 'ਤੇ ਬੰਦ ਹੋਇਆ। ਇਹ 30 ਮਾਰਚ, 2026 ਤੋਂ ਬਾਅਦ ਇਸ ਦਾ ਸਭ ਤੋਂ ਹੇਠਲਾ ਬੰਦ ਹੋਣ ਵਾਲਾ ਪੱਧਰ ਹੈ। ਕਾਰੋਬਾਰ ਦੌਰਾਨ ਸੈਂਸੈਕਸ ਇੱਕ ਸਮੇਂ 1,179.51 ਅੰਕ ਟੁੱਟ ਕੇ 72,716.23 ਅੰਕ ਤੱਕ ਆ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ (ਐੱਨ ਐੱਸ ਈ) ਦਾ ਨਿਫਟੀ ਵੀ 360.25 ਅੰਕ ਯਾਨੀ 1.56 ਫ਼ੀਸਦੀ ਦੀ ਗਿਰਾਵਟ ਨਾਲ ਕਰੀਬ ਛੇ ਮਹੀਨਿਆਂ ਦੇ ਹੇਠਲੇ ਪੱਧਰ 22,780.25 ਅੰਕ 'ਤੇ ਬੰਦ ਹੋਇਆ।
ਨਿਫਟੀ ਵਿੱਚ ਸ਼ਾਮਲ 50 ਵਿੱਚੋਂ 47 ਸ਼ੇਅਰ ਗਿਰਾਵਟ ਦੇ ਨਾਲ ਬੰਦ ਹੋਏ, ਜਦੋਂ ਕਿ ਸਿਰਫ ਤਿੰਨ ਵਿੱਚ ਵਾਧਾ ਰਿਹਾ।
ਵਿਸ਼ਲੇਸ਼ਕਾਂ ਦੇ ਅਨੁਸਾਰ, ਹਰਮੁਜ਼ ਜਲ ਮਾਰਗ ਨੂੰ ਮੁੜ ਖੋਲ੍ਹਣ ਨੂੰ ਲੈ ਕੇ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਬਿਕਵਾਲੀ ਅਤੇ ਏਸ਼ਿਆਈ ਬਾਜ਼ਾਰਾਂ ਵਿੱਚ ਕਮਜ਼ੋਰ ਰੁਖ ਕਾਰਨ ਵਿੱਤੀ, ਜਨਤਕ ਖੇਤਰ ਦੇ ਬੈਂਕਾਂ, ਧਾਤਾਂ, ਖਪਤਕਾਰ ਵਸਤੂਆਂ, ਤੇਲ ਤੇ ਗੈਸ ਅਤੇ ਆਟੋਮੋਬਾਈਲ ਸਟਾਕਾਂ ਵਿੱਚ ਵਿਕਰੀ ਹੋਈ।
ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ 29 ਵਿੱਚ ਗਿਰਾਵਟ ਰਹੀ। ਲਾਰਸਨ ਐਂਡ ਟੂਬਰੋ ਵਿੱਚ ਸਭ ਤੋਂ ਵੱਧ 2.81 ਫ਼ੀਸਦੀ ਦਾ ਨੁਕਸਾਨ ਰਿਹਾ। ਉੱਥੇ ਹੀ ਪਾਵਰ ਗ੍ਰਿਡ 2.62 ਫ਼ੀਸਦੀ, ਅਡਾਨੀ ਪੋਰਟਸ 2.38 ਫ਼ੀਸਦੀ, ਐੱਚ ਡੀ ਐੱਫ ਸੀ ਬੈਂਕ 2.30 ਫ਼ੀਸਦੀ, ਹਿੰਦੁਸਤਾਨ ਯੂਨੀਲੀਵਰ 2.27 ਫ਼ੀਸਦੀ ਅਤੇ ਰਿਲਾਇੰਸ ਇੰਡਸਟਰੀਜ਼ 2.24 ਫ਼ੀਸਦੀ ਟੁੱਟੇ। ਇਨਫੋਸਿਸ ਇੱਕੋ-ਇੱਕ ਸ਼ੇਅਰ ਹੈ ਜਿਸ ਵਿੱਚ ਤੇਜ਼ੀ ਰਹੀ।
ਦੂਜੇ ਪਾਸੇ ਗਲੋਬਲ ਤੇਲ ਬੈਂਚਮਾਰਕ ਬਰੈਂਟ ਕੱਚਾ ਤੇਲ 3.81 ਫ਼ੀਸਦੀ ਵਧ ਕੇ 108.3 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ।

