Stock Market: ਸੈਂਸੈਕਸ ਅਤੇ ਨਿਫਟੀ ਵਿੱਚ 1 ਫੀਸਦੀ ਤੋਂ ਵੱਧ ਦੀ ਗਿਰਾਵਟ
Stock Market: ਆਲਮੀ ਬਾਜ਼ਾਰਾਂ ਦੇ ਰੁਝਾਨ ਅਤੇ ਆਈਟੀ ਤੇ ਮੈਟਲ ਸ਼ੇਅਰਾਂ 'ਚ ਭਾਰੀ ਵਿਕਰੀ ਦਾ ਅਸਰ
Stock Market: ਆਲਮੀ ਬਾਜ਼ਾਰਾਂ ਵਿੱਚ ਗਿਰਾਵਟ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਵੱਲੋਂ ਪੂੰਜੀ ਕੱਢਣ ਦੇ ਚਲਦਿਆਂ ਮੰਗਲਵਾਰ ਨੂੰ ਬੈਂਚਮਾਰਕ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ 1 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 893.39 ਅੰਕ ਜਾਂ 1.16 ਫੀਸਦੀ ਡਿੱਗ ਕੇ 76,200.68 'ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਇਹ 1,011.56 ਅੰਕ ਜਾਂ 1.31 ਫੀਸਦੀ ਤੱਕ ਡਿੱਗ ਕੇ 76,082.51 ਤੱਕ ਪਹੁੰਚ ਗਿਆ ਸੀ। ਇਸੇ ਤਰ੍ਹਾਂ 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 278.80 ਅੰਕ ਜਾਂ 1.16 ਫੀਸਦੀ ਡਿੱਗ ਕੇ 23,824.10 'ਤੇ ਬੰਦ ਹੋਇਆ।
ਵਿਸ਼ਲੇਸ਼ਕਾਂ ਅਨੁਸਾਰ ਗਲੋਬਲ ਬਾਜ਼ਾਰਾਂ ਵਿੱਚ ਕਮਜ਼ੋਰੀ, ਏਆਈ (AI) ਅਧਾਰਤ ਰੈਲੀ ਦੀ ਸਥਿਰਤਾ ਨੂੰ ਲੈ ਕੇ ਚਿੰਤਾਵਾਂ ਅਤੇ ਹਾਲ ਹੀ ਦੇ ਤੇਜ਼ ਵਾਧੇ ਤੋਂ ਬਾਅਦ ਮੁਨਾਫਾ ਬੁਕਿੰਗ ਕਾਰਨ ਭਾਰਤੀ ਸ਼ੇਅਰਾਂ ਵਿੱਚ ਗਿਰਾਵਟ ਆਈ ਹੈ। 11 ਜੂਨ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ਵਿੱਚ 4 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਸੀ ਅਤੇ ਪਿਛਲੇ ਸੱਤ ਸੈਸ਼ਨਾਂ ਵਿੱਚੋਂ ਛੇ ਵਿੱਚ ਬਾਜ਼ਾਰ ਲਾਭ ਵਿੱਚ ਰਹੇ ਸਨ।
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਇਨਫੋਸਿਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਵਿੱਚ 3 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ। ਭਾਰਤ ਇਲੈਕਟ੍ਰਾਨਿਕਸ, ਟਾਟਾ ਸਟੀਲ, ਅਡਾਨੀ ਪੋਰਟਸ, ਈਟਰਨਲ, ਐੱਚਸੀਐੱਲ ਟੈੱਕ ਅਤੇ ਸਟੇਟ ਬੈਂਕ ਆਫ ਇੰਡੀਆ ਵੀ ਗਿਰਾਵਟ ਵਾਲੇ ਸ਼ੇਅਰਾਂ ਵਿੱਚ ਸ਼ਾਮਲ ਸਨ, ਜਦਕਿ ਪਾਵਰ ਗ੍ਰਿੱਡ, ਐਕਸਿਸ ਬੈਂਕ, ਸਨ ਫਾਰਮਾ ਅਤੇ ਮਾਰੂਤੀ ਸੁਜ਼ੂਕੀ ਲਾਭ ਵਿੱਚ ਰਹੇ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸੋਮਵਾਰ ਨੂੰ 635.91 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਰਿਲੀਗੇਅਰ ਬ੍ਰੋਕਿੰਗ ਲਿਮਟਿਡ ਦੇ ਸੀਨੀਅਰ ਵੀਪੀ (ਰਿਸਰਚ) ਅਜੀਤ ਮਿਸ਼ਰਾ ਨੇ ਕਿਹਾ ਕਿ ਇਹ ਗਿਰਾਵਟ ਏਸ਼ੀਆਈ ਬਾਜ਼ਾਰਾਂ ਦੀ ਕਮਜ਼ੋਰੀ ਤੋਂ ਪ੍ਰਭਾਵਿਤ ਹੈ। ਇਸ ਦੌਰਾਨ ਇੰਡੀਆ VIX 14 ਦੇ ਪੱਧਰ ਵੱਲ ਵਧਿਆ ਹੈ ਅਤੇ ਬਾਜ਼ਾਰ ਦੇ ਦਬਾਅ ਕਾਰਨ ਰੁਪੱਈਆ ਵੀ ਕਮਜ਼ੋਰ ਹੋਇਆ ਹੈ।

