Stock Market: ਸ਼ੇਅਰ ਬਾਜ਼ਾਰ ਵਿੱਚ ਗਿਰਾਵਟ; ਸੈਂਸੈਕਸ 285 ਅੰਕ ਟੁੱਟਿਆ
ਆਈਟੀ ਅਤੇ ਬੈਂਕਿੰਗ ਸ਼ੇਅਰਾਂ ’ਚ ਗਿਰਾਵਟ, ਭਾਰਤ ਇਲੈਕਟ੍ਰੌਨਿਕਸ ਤੇ ਟਾਈਟਨ ’ਚ ਦੇਖਣ ਨੂੰ ਮਿਲਿਆ ਵਾਧਾ
ਪਛਮੀ ਏਸ਼ੀਆ ਵਿੱਚ ਜਿਓਪੋਲੀਟਿਕਲ ਤਣਾਅ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਸੋਮਵਾਰ ਨੂੰ ਖੁੱਲ੍ਹੇ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ (BSE) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕਾਂਕ ਸੈਂਸੈਕਸ 284.85 ਅੰਕ ਡਿੱਗ ਕੇ 77,717.05 ’ਤੇ ਆ ਗਿਆ। ਦੂਜੇ ਪਾਸੇ, ਨੈਸ਼ਨਲ ਸਟਾਕ ਐਕਸਚੇਂਜ (NSE) ਦਾ 50 ਸ਼ੇਅਰਾਂ ਵਾਲਾ ਸੂਚਕਾਂਕ ਨਿਫਟੀ ਵੀ 69.25 ਅੰਕ ਦੀ ਗਿਰਾਵਟ ਨਾਲ 24,297.05 ’ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਸੈਂਸੈਕਸ ਦੇ 30 ਸ਼ੇਅਰਾਂ ਦੀ ਸੂਚੀ ਵਿੱਚੋਂ ਇਨਫੋਸਿਸ (Infosys), ਟੀਸੀਐੱਸ (TCS), ਐੱਚਸੀਐੱਲ ਟੈੱਕ (HCL Tech), ਟੈੱਕ ਮਹਿੰਦਰਾ (Tech Mahindra), ਹਿੰਦੁਸਤਾਨ ਯੂਨੀਲੀਵਰ (Hindustan Unilever) ਅਤੇ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਸ਼ੇਅਰ ਸਭ ਤੋਂ ਵੱਧ ਨੁਕਸਾਨ ਵਿੱਚ ਰਹੇ। ਦੂਜੇ ਪਾਸੇ, ਭਾਰਤ ਇਲੈਕਟ੍ਰੌਨਿਕਸ (Bharat Electronics) ਅਤੇ ਟਾਈਟਨ (Titan) ਹੀ ਲਾਭ ਕਮਾਉਣ ਵਾਲੇ ਦੋ ਮੁੱਖ ਸ਼ੇਅਰ ਰਹੇ। ਇਸ ਦੌਰਾਨ ਵਿਸ਼ਵ ਪੱਧਰ ’ਤੇ ਕੱਚੇ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ 0.43 ਫ਼ੀਸਦੀ ਦੇ ਵਾਧੇ ਨਾਲ 88.86 ਅਮਰੀਕੀ ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।

