ਸੈਂਸੈਕਸ 504 ਤੇ ਨਿਫਟੀ 143 ਅੰਕ ਡਿੱਗਿਆ
ਸਟਾਕ ਬਾਜ਼ਾਰਾਂ ਵਿੱਚ ਅੱਜ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਰਿਲਾਇੰਸ ਇੰਡਸਟਰੀਜ਼ ਵਿੱਚ ਵਿਕਰੀ ਅਤੇ ਵਿਦੇਸ਼ੀ ਫੰਡਾਂ ਦੇ ਲਗਾਤਾਰ ਬਾਹਰ ਜਾਣ ਕਾਰਨ ਸੈਂਸੈਕਸ ਲਗਪਗ 504 ਅੰਕ ਡਿੱਗ ਗਿਆ।
ਇਸ ਮੌਕੇ ਲਗਾਤਾਰ ਤੀਜੇ ਸੈਸ਼ਨ ਵਿੱਚ ਗਿਰਾਵਟ ਦਰਜ ਕੀਤੀ ਗਈ ਜਿਸ ਨਾਲ 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 503.63 ਅੰਕ ਡਿੱਗ ਕੇ 85,138.27 ’ਤੇ ਬੰਦ ਹੋਇਆ। ਦੂਜੇ ਪਾਸੇ 50-ਸ਼ੇਅਰਾਂ ਵਾਲਾ ਐਨਐਸਈ ਨਿਫਟੀ 143.55 ਅੰਕ ਡਿੱਗ ਕੇ 26,032.20 ’ਤੇ ਬੰਦ ਹੋਇਆ।
ਇਸ ਦੌਰਾਨ ਐਕਸਿਸ ਬੈਂਕ, ਐਚਡੀਐਫਸੀ ਬੈਂਕ, ਰਿਲਾਇੰਸ ਇੰਡਸਟਰੀਜ਼, ਆਈਸੀਆਈਸੀਆਈ ਬੈਂਕ, ਭਾਰਤ ਇਲੈਕਟ੍ਰਾਨਿਕਸ ਅਤੇ ਲਾਰਸਨ ਐਂਡ ਟੂਬਰੋ ਵਿਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਏਸ਼ੀਅਨ ਪੇਂਟਸ, ਮਾਰੂਤੀ, ਭਾਰਤੀ ਏਅਰਟੈੱਲ ਅਤੇ ਬਜਾਜ ਫਾਈਨੈਂਸ ਦੇ ਸ਼ੇਅਰਾਂ ਵਿਚ ਵਾਧਾ ਦਰਜ ਕੀਤਾ ਗਿਆ।
ਏਸ਼ੀਅਨ ਬਾਜ਼ਾਰਾਂ ਵਿੱਚੋਂ ਸ਼ੰਘਾਈ ਦਾ ਐਸਐਸਈ ਕੰਪੋਜ਼ਿਟ ਇੰਡੈਕਸ ਹੇਠਾਂ ਡਿੱਗਿਆ ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿਕੇਈ 225 ਇੰਡੈਕਸ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ ਵੱਧ ਕੇ ਬੰਦ ਹੋਇਆ। ਪੀਟੀਆਈ
