Sensex 1,045 ਅੰਕ ਡਿੱਗਿਆ
ਨਿਫਟੀ 21 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਬੰਦ; ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਤੇ ਨੀਤੀਗਤ ਵਿਆਜ ਦਰ ਕਾਰਨ ਵਧਿਆ ਦਬਾਅ
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਅਤੇ ਮੁਦਰਾ ਨੀਤੀ ਸਖ਼ਤ ਹੋਣ ਦੇ ਖ਼ਦਸ਼ਿਆਂ ਕਾਰਨ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 1,045.46 ਅੰਕ ਡਿੱਗ ਕੇ 71,593.24 ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 1,310.95 ਅੰਕ ਤੱਕ ਡਿੱਗਿਆ। ਨਿਫਟੀ 371.25 ਅੰਕ ਜਾਂ 1.64 ਫ਼ੀਸਦੀ ਟੁੱਟ ਕੇ 22,231.80 ’ਤੇ ਬੰਦ ਹੋਇਆ, ਜੋ 21 ਮਹੀਨਿਆਂ ਦਾ ਹੇਠਲਾ ਪੱਧਰ ਹੈ। ਦਿਨ ਦੌਰਾਨ ਇਹ ਇਕ ਵਾਰ 423.15 ਅੰਕ ਦੇ ਗੋਤੇ ਨਾਲ 22,179.90 ਤੱਕ ਡਿੱਗ ਗਿਆ ਸੀ।
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚ ਆਈ ਟੀ ਸੀ ਦੇ ਸ਼ੇਅਰ ਸਭ ਤੋਂ ਵੱਧ 4.24 ਫ਼ੀਸਦੀ ਡਿੱਗੇ। ਇੰਟਰਗਲੋਬ ਏਵੀਏਸ਼ਨ, ਪਾਵਰ ਗ੍ਰਿਡ, ਭਾਰਤ ਇਲੈਕਟ੍ਰਾਨਿਕਸ ਅਤੇ ਅਡਾਨੀ ਪੋਰਟਸ ਵਿੱਚ ਵੀ ਗਿਰਾਵਟ ਰਹੀ। ਬ੍ਰੈਂਟ ਕੱਚਾ ਤੇਲ 4.25 ਫ਼ੀਸਦੀ ਵਧ ਕੇ 104.5 ਡਾਲਰ ਪ੍ਰਤੀ ਬੈਰਲ ਹੋ ਗਿਆ। ਬੁੱਧਵਾਰ ਨੂੰ ਵਿਦੇਸ਼ੀ ਨਿਵੇਸ਼ਕਾਂ ਨੇ 6,121.37 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ।
ਬਾਜ਼ਾਰ ਮਾਹਿਰਾਂ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਵੱਲੋਂ ਇੱਕ ਦਿਨ ਪਹਿਲਾਂ ਨੀਤੀਗਤ ਵਿਆਜ ਦਰ (ਰੈਪੋ ਦਰ) ਵਿੱਚ 25 ਆਧਾਰ ਅੰਕਾਂ ਦਾ ਵਾਧਾ ਕਰ ਕੇ ਇਸ ਨੂੰ 5.50 ਫ਼ੀਸਦੀ ਕਰਨ ਦਾ ਵੀ ਬਾਜ਼ਾਰ ’ਤੇ ਦਬਾਅ ਰਿਹਾ। ਰਿਜ਼ਰਵ ਬੈਂਕ ਨੇ ਨੀਤੀ ਰੁਖ ਨੂੰ ‘ਨਿਰਪੱਖ’ ਤੋਂ ਬਦਲ ਕੇ ‘ਕੈਲੀਬ੍ਰੇਟਿਡ ਟਾਈਟਨਿੰਗ’ ਕਰ ਦਿੱਤਾ ਹੈ। ਇਸ ਨਾਲ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ। ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ, ਬਾਂਡ ਆਮਦਨ ਵਿੱਚ ਵਾਧੇ ਅਤੇ ਰੁਪਏ ਦੀ ਕਮਜ਼ੋਰੀ ਨੇ ਵੀ ਬਾਜ਼ਾਰ ’ਤੇ ਦਬਾਅ ਵਧਾਇਆ।
ਸੋਨੇ ਦੀ ਕੀਮਤ 3,600 ਰੁਪਏ ਵਧੀ
ਨਵੀਂ ਦਿੱਲੀ: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਰਾਫ਼ਾ ਕਾਰੋਬਾਰੀਆਂ ਅਤੇ ਪਰਚੂਨ ਖਰੀਦਦਾਰਾਂ ਦੀ ਮੰਗ ਵਧਣ ਕਾਰਨ ਕੌਮੀ ਰਾਜਧਾਨੀ ਵਿੱਚ ਸੋਨੇ ਦੀ ਕੀਮਤ 3,600 ਰੁਪਏ ਵਧ ਕੇ 1.52 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ 99.9 ਫ਼ੀਸਦੀ ਸ਼ੁੱਧਤਾ ਵਾਲਾ ਸੋਨਾ 3,600 ਰੁਪਏ ਵੱਧ ਕੇ 1,52,500 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਬੁੱਧਵਾਰ ਨੂੰ ਇਹ 1,48,900 ਰੁਪਏ ’ਤੇ ਬੰਦ ਹੋਇਆ ਸੀ। ਹਾਲਾਂਕਿ, ਮਜ਼ਬੂਤ ਡਾਲਰ ਅਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਨੇ ਸੋਨੇ ਦੀ ਤੇਜ਼ੀ ਨੂੰ ਸੀਮਤ ਕੀਤਾ। ਇਸ ਦੌਰਾਨ ਚਾਂਦੀ ਦੀ ਕੀਮਤ 3,000 ਰੁਪਏ ਡਿੱਗ ਕੇ 2.24 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਕੌਮਾਂਤਰੀ ਬਾਜ਼ਾਰ ਵਿੱਚ ਸੋਨਾ 4,111.94 ਡਾਲਰ ਪ੍ਰਤੀ ਔਂਸ ਤੇ ਚਾਂਦੀ ਦੋ ਫ਼ੀਸਦੀ ਤੋਂ ਵੱਧ ਡਿੱਗ ਕੇ 58.50 ਡਾਲਰ ਪ੍ਰਤੀ ਔਂਸ ਰਹੀ।

