Rupee vs US Dollar : ਰੁਪਏ ਵਿੱਚ ਨਿਘਾਰ ਜਾਰੀ ; ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ
ਸ਼ੁੱਕਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਵੀ ਗਿਰਾਵਟ ਦਰਜ
Rupee vs US Dollar : ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਕਾਰਨ ਤੇਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਮਜ਼ਬੂਤ ਹੋ ਰਹੇ ਡਾਲਰ ਕਰਕੇ ਸ਼ੁੱਕਰਵਾਰ ਨੂੰ ਰੁਪਿਆ 74 ਪੈਸੇ ਟੁੱਟ ਕੇ ਅਮਰੀਕੀ ਡਾਲਰ ਦੇ ਮੁਕਾਬਲੇ 94.70 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ।
ਫੋਰੈਕਸ ਵਪਾਰੀਆਂ ਅਨੁਸਾਰ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਤੇਜ਼ ਗਿਰਾਵਟ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਕੱਢੇ ਜਾ ਰਹੇ ਪੈਸੇ ਨੇ ਸਥਾਨਕ ਇਕਾਈ 'ਤੇ ਹੋਰ ਦਬਾਅ ਪਾਇਆ ਹੈ।
ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ 94.18 ‘ਤੇ ਖੁੱਲ੍ਹਿਆ ਅਤੇ ਹੌਲੀ-ਹੌਲੀ ਘਟਦਾ ਹੋਇਆ 94.50 ਦੇ ਅੰਕੜੇ ਨੂੰ ਪਾਰ ਕਰ ਗਿਆ। ਉੱਥੇ ਹੀ ਬੁੱਧਵਾਰ ਨੂੰ ਰੁਪਿਆ 20 ਪੈਸੇ ਦੀ ਗਿਰਾਵਟ ਨਾਲ ਅਮਰੀਕੀ ਡਾਲਰ ਦੇ ਮੁਕਾਬਲੇ 93.96 ਦੇ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ ਸੀ ਜਦਕਿ ਰਾਮ ਨੌਮੀ ਦੀ ਛੁੱਟੀ ਹੋਣ ਕਰਕੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਿਹਾ ਸੀ।
ਫਿਨਰੈਕਸ ਟਰੇਜ਼ਰੀ ਐਡਵਾਈਜ਼ਰਜ਼ ਐੱਲ ਐੱਲ ਪੀ (Finrex Treasury Advisors LLP) ਦੇ ਟਰੇਜ਼ਰੀ ਹੈੱਡ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਅਨਿਲ ਕੁਮਾਰ ਭੰਸਾਲੀ ਨੇ ਕਿਹਾ, "ਤੇਲ ਕੰਪਨੀਆਂ ਵੱਲੋਂ ਲਗਾਤਾਰ ਖਰੀਦਦਾਰੀ ਦੇ ਨਾਲ ਰੁਪਏ ਨੇ 94.50 ਦਾ ਪੱਧਰ ਤੋੜ ਦਿੱਤਾ ਹੈ, ਕਿਉਂਕਿ ਵਿਦੇਸ਼ਾਂ ਵਿੱਚ ਸਾਮਾਨ ਬਰਾਮਦ ਵਾਲੇ ਆਪਣੀ ਕਮਾਈ ਨੂੰ ਸੰਭਾਲ ਕੇ ਰੱਖ ਰਹੇ ਹਨ, ਜਦਕਿ ਬਾਹਰੋਂ ਸਾਮਾਨ ਦਰਾਮਦ ਕਰਨ ਵਾਲੇ ਆਪਣਾ ਬਿੱਲ ਅਦਾ ਕਰਨ ਲਈ ਮਹਿੰਗੇ ਭਾਅ 'ਤੇ ਡਾਲਰ ਖਰੀਦ ਰਹੇ ਹਨ।"
ਗਲੋਬਲ ਆਇਲ ਬੈਂਚਮਾਰਕ ਬਰੈਂਟ ਕੱਚਾ ਤੇਲ ਰਾਤੋ-ਰਾਤ ਤੇਜ਼ੀ ਨਾਲ ਵਧਿਆ ਅਤੇ ਫਿਰ ਕਾਰੋਬਾਰ ਵਿੱਚ 0.53 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 107.4 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਦੂਜੇ ਪਾਸੇ ਦੇਸ਼ ਦੇ ਸ਼ੇਅਰ ਬਾਜ਼ਾਰ ਵਿੱਚ ਵੀ ਅੱਜ ਵੱਡੀ ਗਿਰਾਵਟ ਦੇਖਣ ਨੂੰ ਮਿਲੀ, ਖਬਰ ਲਿਖੇ ਜਾਣ ਤੱਕ ਬੀ ਐੱਸ ਈ (BSE) ਸੈਂਸੈਕਸ ਲਗਭਗ 1,190.76 ਅੰਕ ਦੀ ਗਿਰਾਵਟ ਨਾਲ 74,082.69 'ਤੇ ਕਾਰੋਬਾਰ ਕਰ ਰਿਹਾ ਸੀ ਅਤੇ ਐੱਨ ਐੱਸ ਈ (NSE)ਨਿਫਟੀ 352 ਅੰਕ ਡਿੱਗ ਕੇ 22,954.20 'ਤੇ ਆ ਗਿਆ ਸੀ।
ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ 1,805.37 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ।

