ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 16 ਡਿੱਗ ਕੇ 89.79 ’ਤੇ ਬੰਦ
ਵਿਦੇਸ਼ੀ ਨਿਵੇਸ਼ਕਾਂ ਦੀ ਪੂੰਜੀ ਨਿਕਾਸੀ ਨੇ ਵਧਾਈ ਚਿੰਤਾਟ
ਬੁੱਧਵਾਰ ਨੂੰ ਭਾਰਤੀ ਰੁਪਏ ਵਿੱਚ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਅਮਰੀਕੀ ਡਾਲਰ ਦੇ ਮੁਕਾਬਲੇ 16 ਪੈਸੇ ਕਮਜ਼ੋਰ ਹੋ ਕੇ 89.79 (ਆਰਜ਼ੀ) ਦੇ ਪੱਧਰ ’ਤੇ ਬੰਦ ਹੋਇਆ।
ਸ਼ੁਰੂਆਤੀ ਕਾਰੋਬਾਰ ਵਿੱਚ ਰੁਪਇਆ 89.56 ’ਤੇ ਖੁੱਲ੍ਹਿਆ ਸੀ ਅਤੇ ਇੱਕ ਸਮੇਂ 89.51 ਦੇ ਉੱਚੇ ਪੱਧਰ 'ਤੇ ਵੀ ਪਹੁੰਚ ਗਿਆ ਸੀ, ਪਰ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਪੂੰਜੀ ਕੱਢਣ ਅਤੇ ਬੁਲੀਅਨ (ਸੋਨੇ-ਚਾਂਦੀ) ਦੇ ਦਰਾਮਦਕਾਰਾਂ ਵੱਲੋਂ ਡਾਲਰ ਦੀ ਵਧਦੀ ਮੰਗ ਕਾਰਨ ਰੁਪਏ ’ਤੇ ਦਬਾਅ ਵਧ ਗਿਆ।
ਮੰਗਲਵਾਰ ਨੂੰ ਰੁਪਇਆ 89.63 ’ਤੇ ਬੰਦ ਹੋਇਆ ਸੀ। ਬਾਜ਼ਾਰ ਮਾਹਿਰਾਂ ਅਨੁਸਾਰ ਸਾਲ ਦੇ ਅੰਤ ਦੀਆਂ ਛੁੱਟੀਆਂ ਤੋਂ ਪਹਿਲਾਂ ਨਿਵੇਸ਼ਕਾਂ ਵਿੱਚ ਜੋਖਮ ਤੋਂ ਬਚਣ ਦੀ ਪ੍ਰਵਿਰਤੀ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਰੁਪਏ ਦੀ ਸਿਹਤ ਵਿਗਾੜ ਦਿੱਤੀ ਹੈ।
ਹਾਲਾਂਕਿ ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕਿੰਗ ਪ੍ਰਣਾਲੀ ਵਿੱਚ ਨਕਦੀ ਵਧਾਉਣ ਲਈ 2 ਲੱਖ ਕਰੋੜ ਰੁਪਏ ਦੀਆਂ ਸਰਕਾਰੀ ਪ੍ਰਤੀਭੂਤੀਆਂ ਖਰੀਦਣ ਅਤੇ 10 ਅਰਬ ਡਾਲਰ ਦੇ ਸਵੈਪ ਨਿਲਾਮੀ ਵਰਗੇ ਕਦਮ ਚੁੱਕੇ ਹਨ, ਪਰ ਇਹ ਉਪਾਅ ਬਾਜ਼ਾਰ ਦੇ ਉਤਸ਼ਾਹ ਨੂੰ ਵਧਾਉਣ ਵਿੱਚ ਨਾਕਾਮ ਰਹੇ।
ਡਾਲਰ ਦੀ ਸਪਲਾਈ ਅਤੇ ਮੰਗ ਵਿਚਾਲੇ ਵਧਦੇ ਪਾੜੇ ਕਾਰਨ ਰੁਪਏ ਵਿੱਚ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਵੀ ਨਿਰਾਸ਼ਾ ਰਹੀ, ਜਿੱਥੇ ਸੈਂਸੈਕਸ 116.14 ਅੰਕ ਡਿੱਗ ਕੇ 85,408.70 'ਤੇ ਬੰਦ ਹੋਇਆ।
ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰੁਪਇਆ 89.00 ਦੇ ਪੱਧਰ ਤੋਂ ਉੱਪਰ ਰਹਿੰਦਾ ਹੈ, ਇਸ ਵਿੱਚ ਉਛਾਲ ਦੀ ਉਮੀਦ ਹੈ, ਪਰ 90.30 ਦਾ ਪੱਧਰ ਇਸ ਲਈ ਵੱਡੀ ਰੁਕਾਵਟ ਬਣਿਆ ਹੋਇਆ ਹੈ।

