ਬੰਗਲੌਰ, 2 ਸਤੰਬਰ
ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਵਿਕੁਮਾਰ ਨੇ ਅੱਜ ਕਿਹਾ ਕਿ ਉਹ ਮੁੱਖ ਮੰਤਰੀ ਸਿੱਧਰਮਈਆ ਅਤੇ ਟਰਾਂਸਪੋਰਟ ਮੰਤਰੀ ਰਾਮਲਿੰਗਾ ਰੈੱਡੀ ਨਾਲ ਔਰਤਾਂ ਲਈ ਮੁਫਤ ਯਾਤਰਾ ਯੋਜਨਾ ਦੇ ਮਾਮਲੇ ‘ਤੇ ਚਰਚਾ ਕਰਨਗੇ। ਉਨ੍ਹਾਂ ਦਾ ਇਹ ਭਰੋਸਾ 11 ਸਤੰਬਰ ਨੂੰ ਪ੍ਰਾਈਵੇਟ ਟਰਾਂਸਪੋਰਟ ਜਥੇਬੰਦੀਆਂ ਵੱਲੋਂ ਇਸ ਸਕੀਮ ਨੂੰ ਲਾਗੂ ਕਰਨ ਦੇ ਵਿਰੋਧ ਵਿੱਚ ਦਿੱਤੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਆਇਆ ਹੈ।ਪ੍ਰਾਈਵੇਟ ਟਰਾਂਸਪੋਰਟ ਮਾਲਕਾਂ ਦਾ ਦਾਅਵਾ ਹੈ ਕਿ ਸਕੀਮ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਦੇ ਕਾਰੋਬਾਰ ਵਿੱਚ ਭਾਰੀ ਗਿਰਾਵਟ ਆਈ ਹੈ। ਆਟੋ ਰਿਕਸ਼ਾ ਚਾਲਕ, ਪ੍ਰਾਈਵੇਟ ਟੈਕਸੀ ਡਰਾਈਵਰ, ਸਕੂਲ ਬੱਸ ਅਤੇ ਕੈਬ ਮਾਲਕਾਂ ਸਮੇਤ ਲਗਭਗ 32 ਸੰਗਠਨ ਇਕੱਠੇ ਹੋਏ ਹਨ। ਯੂਨੀਅਨਾਂ ਨੇ ਪਹਿਲਾਂ ਵੀ ਕਾਂਗਰਸ ਸਰਕਾਰ ਨੂੰ ਕਈ ਮੰਗਾਂ ਸੌਂਪੀਆਂ ਸਨ। ਪ੍ਰਮੁੱਖ ਮੰਗਾਂ ਵਿੱਚ ਹਰੇਕ ਡਰਾਈਵਰ ਲਈ 10,000 ਰੁਪਏ ਦੀ ਵਿੱਤੀ ਸਹਾਇਤਾ ਅਤੇ ਬਾਈਕ ਟੈਕਸੀਆਂ ‘ਤੇ ਪਾਬੰਦੀ ਸ਼ਾਮਲ ਹੈ। ਸ਼ਵਿਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੁਝ ਜ਼ਿਲ੍ਹਿਆਂ ਵਿੱਚ ਕੋਈ ਸਰਕਾਰੀ ਬੱਸ ਨਹੀਂ ਹੈ ਅਤੇ ਸਿਰਫ਼ ਪ੍ਰਾਈਵੇਟ ਬੱਸਾਂ ਹੀ ਚੱਲਦੀਆਂ ਹਨ। ਮੁੱਖ ਮੰਤਰੀ ਸਿਧਾਰਮਈਆ ਨੇ ਕਿਹਾ ਸੀ ਕਿ ਸ਼ਕਤੀ ਯੋਜਨਾ ਦੇ ਤਹਿਤ ਹੁਣ ਤੱਕ 48.5 ਕਰੋੜ ਔਰਤਾਂ ਬੱਸਾਂ ‘ਚ ਮੁਫਤ ਸਫਰ ਕਰ ਚੁੱਕੀਆਂ ਹਨ।