PM Mudra Yojana ਨੇ ਕਾਰੋਬਾਰ ਦੀ ਭਾਵਨਾ ਮਜ਼ਬੂਤ ਕੀਤੀ: Narendra Modi
Prime Minister ਨੇ ਕਰਜ਼ਾ ਯੋਜਨਾ ਨੂੰ ਲੋਕਾਂ ਲਈ ਆਤਮ ਵਿਸ਼ਵਾਸ ਦੱਸਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੀ ਐੱਮ ਮੁਦਰਾ ਯੋਜਨਾ ਨੇ ਰੁਕਾਵਟਾਂ ਦੂਰ ਕਰ ਕੇ ਅਤੇ ਲੋਕਾਂ ਦੀਆਂ ਖ਼ਾਹਿਸ਼ਾਂ ’ਤੇ ਭਰੋਸਾ ਕਰ ਕੇ ਪੂਰੇ ਭਾਰਤ ’ਚ ਕਾਰੋਬਾਰ ਦੀ ਭਾਵਨਾ ਮਜ਼ਬੂਤ ਕੀਤੀ ਹੈ। ਪੀ ਐੱਮ ਮੁਦਰਾ ਯੋਜਨਾ ਦੇ 11 ਸਾਲ ਮੁਕੰਮਲ ਹੋਣ ’ਤੇ ਸ੍ਰੀ ਮੋਦੀ ਨੇ ਕਿਹਾ ਕਿ ਇਸ ਯੋਜਨਾ ਨੇ ਲੱਖਾਂ ਲੋਕਾਂ ਨੂੰ ਸੁਫਨੇ ਦੇਖਣ ਦਾ ਆਤਮ ਵਿਸ਼ਵਾਸ ਅਤੇ ਉਨ੍ਹਾਂ ਨੂੰ ਪੂਰੇ ਕਰਨ ਦੇ ਸਾਧਨ ਮੁਹੱਈਆ ਕਰਕੇ ਕਰਜ਼ੇ ਤੱਕ ਪਹੁੰਚ ਨੂੰ ਮੁੜ ਤੋਂ ਪਰਿਭਾਸ਼ਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਐਕਸ ’ਤੇ ਕਿਹਾ, ‘‘ਅੜਿੱਕੇ ਦੂਰ ਕਰ ਕੇ ਅਤੇ ਜਨਤਾ ਦੀਆਂ ਖ਼ਾਹਿਸ਼ਾਂ ’ਤੇ ਭਰੋਸਾ ਜ਼ਾਹਿਰ ਕਰ ਕੇ, ਇਸ ਪਹਿਲ ਨੇ ਪੂਰੇ ਭਾਰਤ ’ਚ ਕਾਰੋਬਾਰ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਪੀ ਐੱਮ ਮੁਦਰਾ ਯੋਜਨਾ ਅਜਿਹੀ ਆਰਥਿਕ ਵਿਚਾਰਧਾਰਾ ਨੂੰ ਦਰਸਾਉਂਦੀ ਹੈ, ਜਿੱਥੇ ਮੌਕੇ ਮੁਹੱਈਆ ਹਨ ਅਤੇ ਪਹਿਲਕਦਮੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਹਰ ਸੁਫਨੇ ਨੂੰ ਸੱਚ ਹੋਣ ਲਈ ਮਦਦ ਮਿਲ ਰਹੀ ਹੈ। ਉਨ੍ਹਾਂ ਪੀ ਐੱਮ ਮੁਦਰਾ ਯੋਜਨਾ ਬਾਰੇ ‘ਮਾਈ ਜੀਓਵੀ ਇੰਡੀਆ’ ਮੰਚ ਦੀ ਪੋਸਟ ਵੀ ਸਾਂਝੀ ਕੀਤੀ। ‘ਮਾਈ ਜੀਓਵੀ ਇੰਡੀਆ’ ਨੇ ਐਕਸ ’ਤੇ ਪਾਈ ਪੋਸਟ ’ਚ ਕਿਹਾ, ‘‘ਅਸਲ ਆਰਥਿਕ ਤਬਦੀਲੀ ਹਮੇਸ਼ਾ ਬੋਰਡ ਰੂਮ ਤੋਂ ਹੀ ਸ਼ੁਰੂ ਨਹੀਂ ਹੁੰਦੀ। ਕਦੇ-ਕਦੇ ਇਹ ਛੋਟੇ ਕਰਜ਼ੇ, ਸਥਾਨਕ ਵਿਚਾਰ ਅਤੇ ਸ਼ੁਰੂਆਤ ਕਰਨ ਦੀ ਹਿੰਮਤ ਨਾਲ ਵੀ ਆਉਂਦੀ ਹੈ। ਮੁਦਰਾ ਯੋਜਨਾ ਚੁੱਪਚਾਪ ਭਾਰਤ ਦੇ ਅਰਥਚਾਰੇ ਦੀ ਨੀਂਹ ਨੂੰ ਨਵਾਂ ਸਰੂਪ ਦੇ ਰਹੀ ਹੈ।’’ ਉਨ੍ਹਾਂ ਕਿਹਾ ਕਿ ਇਸ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਵੀ ਦੂਰ ਹੋਵੇਗੀ ਅਤੇ ਨੌਜਵਾਨਾਂ ਨੂੰ ਰਾਹ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਲੋਕ ਮੁੜ ਦੇਸ਼ ਲਈ ਅੱਗੇ ਆਉਣਗੇ ਅਤੇ ਭਾਰਤ ਦਾ ਨਾਂ ਦੁਨੀਆ ਵਿੱਚ ਰੌਸ਼ਨ ਕਰਨਗੇ।

