Market Update: ਸ਼ੇਅਰ ਬਾਜ਼ਾਰ ’ਚ ਟੌਪ 9 ਕੰਪਨੀਆਂ ਦੇ 2.18 ਲੱਖ ਕਰੋੜ ਡੁੱਬੇ
ਭਾਰਤੀ ਏਅਰਟੈੱਲ ਨੂੰ ਸਭ ਤੋਂ ਵੱਡਾ ਝਟਕਾ; ਸਿਰਫ਼ ਹਿੰਦੁਸਤਾਨ ਯੂਨੀਲੀਵਰ ਦੇ ਮੁਲਾਂਕਣ ’ਚ ਹੋਇਆ ਵਾਧਾ
Market Update: ਪਿਛਲੇ ਹਫ਼ਤੇ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਆਈ ਗਿਰਾਵਟ ਕਾਰਨ ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਵਿੱਚੋਂ 9 ਦੇ ਬਾਜ਼ਾਰ ਪੂੰਜੀਕਰਨ (Market Cap) ਵਿੱਚ ਸਮੂਹਿਕ ਤੌਰ ’ਤੇ 2,18,902.09 ਕਰੋੜ ਰੁਪਏ ਦੀ ਵੱਡੀ ਕਮੀ ਆਈ ਹੈ। ਬੀਤੇ ਹਫ਼ਤੇ ਬੀ.ਐੱਸ.ਈ. (BSE) ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,527.52 ਅੰਕ ਯਾਨੀ 1.84 ਫੀਸਦੀ ਹੇਠਾਂ ਡਿੱਗ ਗਿਆ।
ਇਸ ਮੰਦੀ ਦੌਰਾਨ ਸਭ ਤੋਂ ਵੱਧ ਨੁਕਸਾਨ ਭਾਰਤੀ ਏਅਰਟੈੱਲ ਨੂੰ ਹੋਇਆ, ਜਿਸ ਦੀ ਬਾਜ਼ਾਰੀ ਕੀਮਤ 55,852.12 ਕਰੋੜ ਰੁਪਏ ਘਟ ਗਈ। ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਸਿਰਫ਼ ਹਿੰਦੁਸਤਾਨ ਯੂਨੀਲੀਵਰ ਹੀ ਅਜਿਹੀ ਕੰਪਨੀ ਰਹੀ, ਜਿਸ ਦੇ ਮੁਲਾਂਕਣ ਵਿੱਚ 5,462.81 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ।
ਹੋਰ ਪ੍ਰਮੁੱਖ ਕੰਪਨੀਆਂ ਵਿੱਚ HDFC ਬੈਂਕ ਦੇ ਮੁਲਾਂਕਣ ਵਿੱਚ 37,580.1 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਵਿੱਚ 34,846.12 ਕਰੋੜ ਰੁਪਏ ਦੀ ਗਿਰਾਵਟ ਆਈ। ਇਸੇ ਤਰ੍ਹਾਂ ਬਜਾਜ ਫਾਈਨਾਂਸ, ਟੀ.ਸੀ.ਐੱਸ. (TCS), ਐੱਲ.ਆਈ.ਸੀ. (LIC), ਲਾਰਸਨ ਐਂਡ ਟੂਬਰੋ, ਐੱਸ.ਬੀ.ਆਈ. (SBI) ਅਤੇ ਆਈ.ਸੀ.ਆਈ.ਸੀ.ਆਈ. (ICICI) ਬੈਂਕ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ।
ਇਸ ਗਿਰਾਵਟ ਦੇ ਬਾਵਜੂਦ, ਰਿਲਾਇੰਸ ਇੰਡਸਟਰੀਜ਼ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਵਜੋਂ ਪਹਿਲੇ ਸਥਾਨ ’ਤੇ ਬਰਕਰਾਰ ਹੈ। ਇਸ ਤੋਂ ਬਾਅਦ ਕ੍ਰਮਵਾਰ HDFC ਬੈਂਕ, SBI ਅਤੇ ਭਾਰਤੀ ਏਅਰਟੈੱਲ ਦਾ ਨੰਬਰ ਆਉਂਦਾ ਹੈ।

