ਕੈਨੇਡਾ ਦੇ ਟਰਾਂਸਪੋਰਟ ਰੈਗੂਲੇਟਰ ਨੇ ਏਅਰ ਇੰਡੀਆ ਨੂੰ ਉਸ ਘਟਨਾ ਦੀ ਜਾਂਚ ਕਰਨ ਲਈ ਕਿਹਾ ਹੈ, ਜਿਸ ਵਿੱਚ ਪਾਇਲਟ ਨੂੰ ਉਡਾਣ ਭਰਨ ਤੋਂ ਠੀਕ ਪਹਿਲਾਂ ਜਹਾਜ਼ ਵਿੱਚੋਂ ਉਤਾਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਕਥਿਤ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸ਼ਖ਼ਸ ਨੇ ਦੱਸਿਆ ਕਿ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ’ਤੇ ਕੈਨੇਡਾ ਦੀ ਪੁਲੀਸ ਵੱਲੋਂ ਕੀਤੇ ਦੋ ਟੈਸਟਾਂ ਵਿੱਚ ਪਾਇਲਟ ਡਿਊਟੀ ਲਈ ਅਯੋਗ ਨਿਕਲਿਆ ਸੀ।
ਟਰਾਂਸਪੋਰਟ ਕੈਨੇਡਾ ਦੇ ਅਧਿਕਾਰੀ ਅਜੀਤ ਓਮਨ ਦੇ ਭੇਜੇ ਪੱਤਰ ਵਿੱਚ ਏਅਰ ਇੰਡੀਆ ਨੂੰ 26 ਜਨਵਰੀ ਤੱਕ ਆਪਣੀ ਜਾਂਚ ਦੇ ਨਤੀਜੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਚੁੱਕੇ ਕਦਮਾਂ ਦਾ ਵੇਰਵਾ ਦੇਣ ਲਈ ਕਿਹਾ ਗਿਆ ਹੈ।
ਦੂਜੇ ਪਾਸੇ, ਏਅਰ ਇੰਡੀਆ ਨੇ ਜਾਰੀ ਬਿਆਨ ’ਚ ਕਿਹਾ ਕਿ 23 ਦਸੰਬਰ ਨੂੰ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ ਉਡਾਣ ਵਿੱਚ ਇਸ ਘਟਨਾ ਕਾਰਨ ਆਖ਼ਰੀ ਮਿੰਟ ’ਤੇ ਦੇਰੀ ਹੋਈ ਸੀ ਅਤੇ ਉਡਾਣ ਲਈ ਬਦਲਵੇਂ ਪਾਇਲਟ ਦਾ ਪ੍ਰਬੰਧ ਕੀਤਾ ਗਿਆ ਸੀ। ਏਅਰਲਾਈਨ ਨੇ ਕਿਹਾ ਕਿ ਕੈਨੇਡਾ ਦੇ ਅਧਿਕਾਰੀਆਂ ਨੇ ਪਾਇਲਟ ਦੀ ਡਿਊਟੀ ਲਈ ਯੋਗਤਾ ਬਾਰੇ ਚਿੰਤਾਵਾਂ ਜਤਾਈਆਂ ਸਨ ਪਰ ਉਨ੍ਹਾਂ ਇਸ ਬਾਰੇ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ। ਏਅਰ ਇੰਡੀਆ ਨੇ ਕਿਹਾ, ‘‘ਜਾਂਚ ਪ੍ਰਕਿਰਿਆ ਦੌਰਾਨ ਪਾਇਲਟ ਨੂੰ ਉਡਾਣ ਦੀਆਂ ਡਿਊਟੀਆਂ ਤੋਂ ਹਟਾ ਦਿੱਤਾ ਗਿਆ ਹੈ।

