ਸੰਯੁਕਤ ਰਾਸ਼ਟਰ (ਯੂ ਐੱਨ) ਨੇ ਚਿਤਾਵਨੀ ਦਿੱਤੀ ਹੈ ਕਿ ਪੱਛਮੀ ਏਸ਼ੀਆ ਸੰਕਟ ਕਰ ਕੇ ਜੇ ਹਰਮੁਜ਼ ਜਲ ਮਾਰਗ ਬੰਦ ਰਹਿੰਦਾ ਹੈ ਤਾਂ ਇਹ ਆਲਮੀ ਵਪਾਰ ਤੇ ਵਿਕਾਸ ਲਈ ਵੱਡਾ ਜੋਖ਼ਮ ਹੋ ਸਕਦਾ ਹੈ, ਸਿੱਟੇ ਵਜੋਂ ਖ਼ੁਰਾਕੀ ਕੀਮਤਾਂ ਤੇ ਲਾਗਤ ਖ਼ਰਚੇ ਵਧ ਸਕਦੇ ਹਨ। ਵਣਜ ਤੇ ਵਿਕਾਸ ਬਾਰੇ ਯੂ ਐੱਨ ਕਾਨਫਰੰਸ (ਯੂ ਐੱਨ ਸੀ ਟੀ ਏ ਡੀ) ਨੇ ਮੰਗਲਵਾਰ ਨੂੰ ਰਿਪੋਰਟ ਵਿੱਚ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲੇ ਅਤੇ ਤਹਿਰਾਨ ਦੀ ਜਵਾਬੀ ਕਾਰਵਾਈ ਕਰ ਕੇ ਮੱਧ ਪੂਰਬ ਵਿੱਚ ਜਾਰੀ ਫੌਜੀ ਟਕਰਾਅ ਕਰ ਕੇ ਹਰਮੁਜ਼ ਜਲ ਮਾਰਗ ’ਤੇ ਤੇਲ ਦੀ ਸਪਲਾਈ ਵਿੱਚ ਵੱਡਾ ਅੜਿੱਕਾ ਪਿਆ ਹੈ। ਦੁਨੀਆ ਭਰ ਦੇ ਜ਼ਿਆਦਾਤਰ ਮੁਲਕਾਂ ਨੂੰ ਤਰਲ ਕੁਦਰਤੀ ਗੈਸ, ਕੱਚਾ ਤੇਲ, ਖਾਦਾਂ ਆਦਿ ਦੀ ਸਪਲਾਈ ਇਸੇ ਤੰਗ ਜਲ ਮਾਰਗ ਰਾਹੀਂ ਹੁੰਦੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਤੇਲ ਦੀ ਸਪਲਾਈ ’ਚ ਅੜਿੱਕੇ ਨਾਲ ਊਰਜਾ ਬਾਜ਼ਾਰ, ਸਮੁੰਦਰੀ ਆਵਾਜਾਈ ਤੇ ਆਲਮੀ ਸਪਲਾਈ ਚੇਨਾਂ ’ਤੇ ਵੱਡਾ ਅਸਰ ਪਿਆ ਹੈ, ਜੋ ਮਹਿਜ਼ ਇਸ ਖੇਤਰ ਤੱਕ ਸੀਮਤ ਨਹੀਂ ਹੈ। ਉੱਚੀਆਂ ਊਰਜਾ, ਫਰਟੀਲਾਈਜ਼ਰ ਤੇ ਟਰਾਂਸਪੋਰਟ ਲਾਗਤਾਂ, ਜਿਨ੍ਹਾਂ ਵਿੱਚ ਭਾੜੇ ਦੀਆਂ ਦਰਾਂ, ਬੰਕਰ ਈਂਧਨ ਦੀਆਂ ਕੀਮਤਾਂ ਤੇ ਬੀਮਾ ਪ੍ਰੀਮੀਅਮ ਵੀ ਸ਼ਾਮਲ ਹਨ, ਨਾਲ ਖ਼ੁਰਾਕੀ ਕੀਮਤਾਂ ਵਧ ਸਕਦੀਆਂ ਹਨ ਤੇ ਰਹਿਣ-ਸਹਿਣ ਦੇ ਲਾਗਤ ਖ਼ਰਚਿਆਂ ’ਤੇ ਵੀ ਦਬਾਅ ਵਧੇਗਾ। ਖ਼ਾਸ ਕਰਕੇ ਸਭ ਤੋਂ ਕਮਜ਼ੋਰ ਵਰਗ ਨੂੰ ਵੱਡੀ ਮਾਰ ਪਏਗੀ।’’ ਯੂ ਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇੇਜ਼ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਕਿਹਾ ਕਿ ਹਰਮੁਜ਼ ਜਲ ਮਾਰਗ ਦਾ ਬੰਦ ਹੋਣਾ ਆਲਮੀ ਵਪਾਰ ਤੇ ਤਰੱਕੀ ਲਈ ਵੱਡਾ ਜੋਖਮ ਹੈ।

