IndiGo ਨੂੰ ਪਹਿਲੇ Quarter ’ਚ 238 Crore ਦਾ loss
ਇੰਡੀਗੋ ਨੇ ਜੂਨ ਵਿੱਚ ਖ਼ਤਮ ਹੋਈ ਤਿਮਾਹੀ ਲਈ 238 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਕੀਤਾ ਹੈ, ਕਿਉਂਕਿ ਈਂਧਣ ਦੀਆਂ ਵਧਦੀਆਂ ਕੀਮਤਾਂ ਅਤੇ ਪੱਛਮੀ ਏਸ਼ਿਆਈ ਸੰਕਟ ਕਾਰਨ ਦੇਸ਼ ਦੀ ਇਸ ਸਭ ਤੋਂ ਵੱਡੀ ਏਅਰਲਾਈਨ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ...
ਇੰਡੀਗੋ ਨੇ ਜੂਨ ਵਿੱਚ ਖ਼ਤਮ ਹੋਈ ਤਿਮਾਹੀ ਲਈ 238 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਕੀਤਾ ਹੈ, ਕਿਉਂਕਿ ਈਂਧਣ ਦੀਆਂ ਵਧਦੀਆਂ ਕੀਮਤਾਂ ਅਤੇ ਪੱਛਮੀ ਏਸ਼ਿਆਈ ਸੰਕਟ ਕਾਰਨ ਦੇਸ਼ ਦੀ ਇਸ ਸਭ ਤੋਂ ਵੱਡੀ ਏਅਰਲਾਈਨ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਜਾਰੀ ਵੇਰਵਿਆਂ ਮੁਤਾਬਕ ਏਅਰਲਾਈਨ ਨੂੰ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 2,176.3 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਸੀ। ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਇੰਟਰਗਲੋਬ ਏਵੀਏਸ਼ਨ ਦੀ ਕੁੱਲ ਆਮਦਨ ਸਾਲ ਪਹਿਲਾਂ ਦੇ 21,542.6 ਕਰੋੜ ਰੁਪਏ ਤੋਂ ਵਧ ਕੇ 25,614.1 ਕਰੋੜ ਰੁਪਏ ਹੋ ਗਈ ਹੈ।
ਹਾਲਾਂਕਿ ਇਸ ਮਿਆਦ ਦੌਰਾਨ ਕੁੱਲ ਖ਼ਰਚਿਆਂ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ। ਬਿਆਨ ਵਿੱਚ ਕਿਹਾ ਗਿਆ ਹੈ, ‘‘ਈਂਧਣ ਦੀਆਂ ਕੀਮਤਾਂ ਵਿੱਚ ਵਾਧਾ, ਵਿਦੇਸ਼ੀ ਮੁਦਰਾ ਵਿੱਚ ਉਤਾਰ-ਚੜ੍ਹਾਅ ਅਤੇ ਮੱਧ ਪੂਰਬੀ ਸੰਕਟ ਦੇ ਸਮੂਹਿਕ ਪ੍ਰਭਾਵ ਨੇ ਇਸ ਤਿਮਾਹੀ ਦੌਰਾਨ ਮੁਨਾਫ਼ੇ ’ਤੇ ਅਸਰ ਪਾਇਆ ਜਿਸ ਦੇ ਨਤੀਜੇ ਵਜੋਂ 2.4 ਅਰਬ ਰੁਪਏ (238 ਕਰੋੜ ਰੁਪਏ) ਦਾ ਸ਼ੁੱਧ ਘਾਟਾ ਹੋਇਆ।’’ ਵਿਦੇਸ਼ੀ ਮੁਦਰਾ ਨੂੰ ਛੱਡ ਕੇ ਏਅਰਲਾਈਨ ਦਾ ਸ਼ੁੱਧ ਘਾਟਾ ਸਮੀਖਿਆ ਅਧੀਨ ਤਿਮਾਹੀ ਵਿੱਚ 5.6 ਕਰੋੜ ਰੁਪਏ ਰਿਹਾ। ਇੰਟਰਗਲੋਬ ਏਵੀਏਸ਼ਨ, ਇੰਡੀਗੋ ਦੀ ਮੂਲ ਕੰਪਨੀ ਹੈ ਜਿਸ ਦੀ ਘਰੇਲੂ ਬਾਜ਼ਾਰ ਵਿੱਚ 66 ਫ਼ੀਸਦ ਤੋਂ ਵੱਧ ਹਿੱਸੇਦਾਰੀ ਹੈ।

