ਭਾਰਤੀ ਵਪਾਰ ਵਫ਼ਦ ਦਾ ਚੀਨ ਦੌਰਾ
ਪੰਜ ਸਾਲਾਂ ਮਗਰੋਂ ਪਹਿਲਾ ਦੌਰਾ; ਕਈ ਉੱਭਰਦੇ ਖੇਤਰਾਂ ’ਚ ਭਾਰਤ ਦੀਆਂ ਵਧਦੀਆਂ ਸੰਭਾਵਨਾਵਾਂ ’ਤੇ ਜ਼ੋਰ
ਭਾਰਤੀ ਚੈਂਬਰਜ਼ ਆਫ ਕਾਮਰਸ ਦਾ ਵਫ਼ਦ ਇਸ ਵੇਲੇ ਚੀਨੀ ਹਮਰੁਤਬਾ ਨਾਲ ਗੱਲਬਾਤ ਕਰਨ ਲਈ ਚੀਨ ਦੇ ਦੌਰੇ ’ਤੇ ਹੈ। ਦੋਵੇਂ ਦੇਸ਼ਾਂ ਦੇ ਸਬੰਧਾਂ ਵਿੱਚ ਪੰਜ ਸਾਲਾਂ ਦੇ ਜਮੂਦ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਪਹਿਲਾ ਦੌਰਾ ਹੈ।
ਪੰਜਾਬ, ਹਰਿਆਣਾ, ਦਿੱਲੀ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਪੀ ਐੱਚ ਡੀ ਸੀ ਸੀ ਆਈ) ਦਾ ਵਫ਼ਦ 29 ਮਾਰਚ ਤੋਂ 4 ਅਪਰੈਲ ਤੱਕ ਸ਼ੰਘਾਈ ਅਤੇ ਚੀਨ ਦੇ ਜਿਆਂਗਸੂ ਪ੍ਰਾਂਤ ਜੋ ਚੀਨ ਦੇ ਸਭ ਤੋਂ ਉਦਯੋਗਿਕ ਖੇਤਰਾਂ ਵਿੱਚੋਂ ਇੱਕ ਹੈ, ਦੇ ਦੌਰੇ ’ਤੇ ਹੈ। ਸਾਲ 2020 ਵਿੱਚ ਪੂਰਬੀ ਲੱਦਾਖ ਵਿੱਚ ਫੌਜੀ ਟਕਰਾਅ ਤੋਂ ਬਾਅਦ ਪਿਛਲੇ ਸਾਲ ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਦੇ ਆਮ ਹੋਣ ਤੋਂ ਬਾਅਦ ਚੀਨ ਦਾ ਦੌਰਾ ਕਰਨ ਵਾਲਾ ਇਹ ਪਹਿਲਾ ਭਾਰਤੀ ਵਪਾਰਕ ਵਫ਼ਦ ਹੈ।
2024 ਅਤੇ 2025 ਵਿੱਚ ਬ੍ਰਿਕਸ ਅਤੇ ਐੱਸ ਸੀ ਓ ਸੰਮੇਲਨਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈਆਂ ਮੁਲਾਕਾਤਾਂ ਤੋਂ ਬਾਅਦ ਸਬੰਧ ਆਮ ਹੋਣ ਦੇ ਰਾਹ ’ਤੇ ਪਏ ਸਨ। ਮੰਗਲਵਾਰ ਨੂੰ ਸ਼ੰਘਾਈ ਵਿੱਚ ਭਾਰਤੀ ਕੌਂਸਲ ਜਨਰਲ ਪ੍ਰਤੀਕ ਮਾਥੁਰ ਨੇ ਪੀ ਐੱਚ ਡੀ ਸੀ ਸੀ ਆਈ ਵਫ਼ਦ ਅਤੇ ਪੂਰਬੀ ਚੀਨ ਦੀਆਂ ਪ੍ਰਮੁੱਖ ਕੰਪਨੀਆਂ ਤੇ ਵਿੱਤੀ ਸੰਸਥਾਵਾਂ ਵਿਚਕਾਰ ਵਪਾਰਕ ਗੋਲਮੇਜ਼ ਕਾਨਫਰੰਸ ਦੀ ਮੇਜ਼ਬਾਨੀ ਕੀਤੀ, ਤਾਂ ਜੋ ਭਾਰਤੀ ਕਾਰੋਬਾਰਾਂ ਨਾਲ ਸਹਿਯੋਗ ਦੇ ਮੌਕਿਆਂ ਦੀ ਭਾਲ ਕੀਤੀ ਜਾ ਸਕੇ। ਕੌਂਸਲਖਾਨੇ ਦੇ ਪ੍ਰੈੱਸ ਬਿਆਨ ਅਨੁਸਾਰ, ਵਫ਼ਦ ਦਾ ਸਵਾਗਤ ਕਰਦਿਆਂ ਮਾਥੁਰ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਮੁੱਖ ਅਰਥਚਾਰਿਆਂ ਵਜੋਂ ਉੱਭਰ ਰਿਹਾ ਹੈ। ਵਿਸ਼ਵ ਪੱਧਰ ’ਤੇ ਸਭ ਤੋਂ ਨੌਜਵਾਨ ਆਬਾਦੀ ਹੋਣ ਕਾਰਨ, ਇਹ ਕੌਮਾਂਤਰੀ ਭਾਈਵਾਲੀ ਅਤੇ ਨਿਵੇਸ਼ ਲਈ ਬੇਸ਼ੁਮਾਰ ਮੌਕੇ ਪੈਦਾ ਕਰਦਾ ਹੈ।
ਆਪਣੇ ਸੰਬੋਧਨ ਦੌਰਾਨ, ਮਾਥੁਰ ਨੇ ਕਈ ਉੱਭਰਦੇ ਖੇਤਰਾਂ ਵਿੱਚ ਭਾਰਤ ਦੀਆਂ ਵਧਦੀਆਂ ਸੰਭਾਵਨਾਵਾਂ ’ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚ ਨਵੀਂ ਤੇ ਨਵਿਆਉਣਯੋਗ ਊਰਜਾ, ਇਲੈਕਟ੍ਰਿਕ ਵਾਹਨ, ਕੁਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ, ਸੂਚਨਾ ਅਤੇ ਤਕਨਾਲੋਜੀ ਉਦਯੋਗ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਖੇਤਰ ਟਿਕਾਊ ਵਿਕਾਸ ਦੀ ਭਾਲ ਕਰ ਰਹੀਆਂ ਭਾਰਤੀ ਅਤੇ ਵਿਸ਼ਵਵਿਆਪੀ ਕੰਪਨੀਆਂ ਵਿਚਕਾਰ ਸਹਿਯੋਗ ਲਈ ਵੱਡੀ ਸੰਭਾਵਨਾ ਮੁਹੱਈਆ ਕਰਦੇ ਹਨ। ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਪੀ ਐੱਚ ਡੀ ਸੀ ਸੀ ਆਈ ਵਫ਼ਦ ਦੇ ਇਸ ਦੌਰੇ ਦਾ ਉਦੇਸ਼ ਭਾਰਤੀ ਕਾਰੋਬਾਰਾਂ ਅਤੇ ਪੂਰਬੀ ਚੀਨ ਦੇ ਉਦਯੋਗਿਕ ਹਮਰੁਤਬਾ ਵਿਚਕਾਰ ਮਜ਼ਬੂਤ ਸਬੰਧ ਬਣਾਉਣਾ ਹੈ।

