India-US Trade Deal ਆਖ਼ਰੀ ਗੇੜ ਵਿੱਚ
ਅਮਰੀਕੀ ਵਫ਼ਦ ਨਾਲ ਨਵੀਂ ਦਿੱਲੀ ਵਿੱਚ ਤਿੰਨ ਰੋਜ਼ਾ ਗੱਲਬਾਤ ਅੱਜ ਤੋਂ ਸ਼ੁਰੂ; ਟੈਰਿਫ ਦਰਾਂ ਅਤੇ ਧਾਰਾ 301 ਦੀ ਜਾਂਚ ਦੇ ਪ੍ਰਭਾਵਾਂ ’ਤੇ ਹੋਵੇਗੀ ਗੱਲਬਾਤ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਗੇੜ ਦੇ ਬਹੁਤੇ ਨੁਕਤਿਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਹੁਣ ਸਿਰਫ਼ ਕੁਝ ਤਕਨੀਕੀ ਮੁੱਦਿਆਂ ’ਤੇ ਗੱਲਬਾਤ ਬਾਕੀ ਹੈ। ਇਸ ਸਬੰਧੀ ਮੁੱਖ ਵਾਰਤਾਕਾਰ ਬ੍ਰੈਂਡਨ ਲਿੰਚ ਦੀ ਅਗਵਾਈ ਹੇਠ ਅਮਰੀਕੀ ਵਫ਼ਦ 2 ਤੋਂ 4 ਜੂਨ ਤੱਕ ਨਵੀਂ ਦਿੱਲੀ ਵਿੱਚ ਭਾਰਤੀ ਅਧਿਕਾਰੀਆਂ ਨਾਲ ਅਹਿਮ ਮੀਟਿੰਗਾਂ ਕਰੇਗਾ। ਸੂਤਰਾਂ ਅਨੁਸਾਰ ਭਾਰਤ ਅਮਰੀਕੀ ਅਫਸਰਾਂ ਨਾਲ ਵਾਸ਼ਿੰਗਟਨ ਦੀ ਧਾਰਾ 301 ਦੀ ਜਾਂਚ ਅਤੇ ਸੰਭਾਵੀ ਟੈਰਿਫ ਦੇ ਪ੍ਰਭਾਵਾਂ ਬਾਰੇ ਚਰਚਾ ਕਰੇਗਾ। ਦੋਵਾਂ ਦੇਸ਼ਾਂ ਨੇ 3 ਫਰਵਰੀ ਨੂੰ ਇਸ ਸਮਝੌਤੇ ਦੇ ਪਹਿਲੇ ਗੇੜ ਦੇ ਖਾਕੇ ਦਾ ਐਲਾਨ ਕੀਤਾ ਸੀ, ਪਰ ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਫ਼ੈਸਲੇ ਰੱਦ ਕਰਨ ਮਗਰੋਂ ਵਾਰਤਾ ਦੀ ਰਫ਼ਤਾਰ ਮੱਠੀ ਪੈ ਗਈ ਸੀ। ਇਸ ਤੋਂ ਬਾਅਦ ਅਮਰੀਕਾ ਨੇ ਭਾਰਤ ਸਣੇ ਕਈ ਦੇਸ਼ਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਕੇ 10 ਫ਼ੀਸਦੀ ਟੈਰਿਫ ਲਾ ਦਿੱਤਾ ਸੀ। ਭਾਰਤ ਆਲਮੀ ਸਪਲਾਈ ਚੇਨ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਬੰਗਲਾਦੇਸ਼, ਪਾਕਿਸਤਾਨ ਅਤੇ ਸ੍ਰੀਲੰਕਾ ਵਰਗੇ ਦੱਖਣ ਤੇ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਦੇ ਮੁਕਾਬਲੇ ਤਰਜੀਹੀ ਟੈਰਿਫ ਦਰਾਂ ਦੀ ਮੰਗ ਕਰੇਗਾ।
ਸਕਾਚ ਵਿਸਕੀ ’ਤੇ ਟੈਰਿਫ ਛੋਟ ਵਾਪਸ ਲੈ ਸਕਦੈ ਭਾਰਤ
ਨਵੀਂ ਦਿੱਲੀ/ਲੰਡਨ: ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਜੇ ਬਰਤਾਨੀਆ ਨੇ ਸਟੀਲ ਦਰਾਮਦ ਪਾਬੰਦੀਆਂ ਬਾਰੇ ਨਵੀਂ ਦਿੱਲੀ ਦੀਆਂ ਚਿੰਤਾਵਾਂ ਦਾ ਹੱਲ ਨਾ ਕੀਤਾ, ਤਾਂ ਸਕਾਚ ਵਿਸਕੀ ਵਰਗੀਆਂ ਬਰਤਾਨਵੀ ਵਸਤਾਂ ’ਤੇ ਦਿੱਤੀ ਟੈਰਿਫ ਰਾਹਤ ਵਾਪਸ ਲਈ ਜਾ ਸਕਦੀ ਹੈ। ਇਹ ਪ੍ਰਗਟਾਵਾ ਦੋਵਾਂ ਦੇਸ਼ਾਂ ਵਿਚਾਲੇ ਮੰਗਲਵਾਰ ਨੂੰ ਹੋਣ ਵਾਲੀ ਵਪਾਰਕ ਵਾਰਤਾ ਤੋਂ ਪਹਿਲਾਂ ਕੀਤਾ ਗਿਆ ਹੈ, ਜਿਸ ਵਿੱਚ ਬਰਤਾਨੀਆ ਦੇ ਵਪਾਰ ਸਕੱਤਰ ਪੀਟਰ ਕਾਇਲ ਭਾਰਤ ਦੇ ਵਣਜ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕਰਨਗੇ। -ਰਾਇਟਰਜ਼

