India Inflation Rises: ਥੋਕ ਮਹਿੰਗਾਈ ਦਰ 9.92 ਫ਼ੀਸਦ ਤੇ ਪਰਚੂਨ ਮਹਿੰਗਾਈ ਦਰ ਵਧ ਕੇ 4.82 ਫ਼ੀਸਦ ’ਤੇ ਪੁੱਜੀ
ਖੁਰਾਕੀ, ੲੀਂਧਣ ਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਵਧੀ ਦਰ
India Inflation Rises: ਥੋਕ ਕੀਮਤ ਆਧਾਰਿਤ ਮਹਿੰਗਾਈ ਦਰ (ਡਬਲਿਊ ਪੀ ਆਈ) ਅਗਸਤ ’ਚ ਵਧ ਕੇ 9.92 ਫ਼ੀਸਦ ’ਤੇ ਪਹੁੰਚ ਗਈ। ਸਰਕਾਰੀ ਅੰਕੜਿਆਂ ਮੁਤਾਬਕ ਖੁਰਾਕੀ, ਈਂਧਣ ਅਤੇ ਨਿਰਮਾਣ (ਮੈਨੂਫੈਕਚਰਿੰਗ) ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਥੋਕ ਮਹਿੰਗਾਈ ਦਰ ’ਤੇ ਅਸਰ ਪਿਆ ਹੈ। ਜੁਲਾਈ ’ਚ ਥੋਕ ਮਹਿੰਗਾਈ ਦਰ 9.78 ਫ਼ੀਸਦ ਸੀ। ਦੂਜੇ ਪਾਸੇ ਪਰਚੂਨ ਮਹਿੰਗਾਈ ਦਰ ’ਚ ਵੀ ਅਗਸਤ ਮਹੀਨੇ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਖੁਰਾਕੀ ਕੀਮਤਾਂ ਵਧਣ ਕਾਰਨ ਪਰਚੂਨ ਮਹਿੰਗਾਈ ਦਰ ਵਧ ਕੇ 4.82 ਫ਼ੀਸਦ ’ਤੇ ਪਹੁੰਚ ਗਈ।
ਜਾਣਕਾਰੀ ਅਨੁਸਾਰ ਖਪਤਕਾਰ ਕੀਮਤ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਜੁਲਾਈ ’ਚ 4.45 ਫ਼ੀਸਦ ਰਹੀ ਸੀ। ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਗਸਤ ’ਚ ਖੁਰਾਕੀ ਮਹਿੰਗਾਈ ਦਰ ਜੁਲਾਈ ਦੇ 5.52 ਫ਼ੀਸਦ ਦੇ ਮੁਕਾਬਲੇ 5.95 ਫ਼ੀਸਦ ਰਹੀ। ਭਾਰਤੀ ਰਿਜ਼ਰਵ ਬੈਂਕ ਨੇ 2026-27 ਲਈ ਖਪਤਕਾਰ ਕੀਮਤ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਦਰ 5 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਹੈ।
ਇਸ ਤੋਂ ਇਲਾਵਾ ਥੋਕ ਮਹਿੰਗਾਈ ਦਰ ਵਧਣ ਸਬੰਧੀ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਪੱਛਮੀ ਏਸ਼ੀਆ ’ਚ ਮੁੜ ਤਣਾਅ ਵਧਣ ਦਰਮਿਆਨ ਆਲਮੀ ਤੇਲ ਕੀਮਤਾਂ ’ਚ ਤਬਦੀਲੀ ਕਾਰਨ ਥੋਕ ਕੀਮਤ ਆਧਾਰਿਤ ਮਹਿੰਗਾਈ ਦਰ ’ਤੇ ਦਬਾਅ ਬਣਿਆ ਰਹੇਗਾ।

