ਭਾਰਤ ਨੇ ਕ੍ਰਾਇਓਜੈਨਿਕ ਇੰਜਣ ਤਕਨੀਕ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਕੁਝ ਮੁਲਕਾਂ ਨੇ ਇਹ ਤਕਨਾਲੋਜੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਦਾਅਵਾ ਇਸਰੋ ਚੀਫ ਵੀ ਨਾਰਾਇਣਨ ਨੇ ਏਅਰ ਫੋਰਸ ਐਸੋਸੀਏਸ਼ਨ, ਕਰਨਾਟਕ ਸ਼ਾਖਾ ਦੀ ਅਗਵਾਈ ਹੇਠ ਐੱਚ ਏ ਐੱਲ ਮੈਨੇਜਮੈਂਟ ਅਕੈਡਮੀ ਵਿੱਚ 17ਵਾਂ ਏਅਰ ਚੀਫ ਮਾਰਸ਼ਲ ਐੱਲ ਐੱਮ ਕਤਰੇ ਯਾਦਗਾਰੀ ਲੈਕਚਰ ਦਿੰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਭਾਰਤ ਇਸ ਸਾਲ ਗਗਨਯਾਨ ਦੇ ਪਹਿਲੇ ਮਨੁੱਖ ਰਹਿਤ ਮਿਸ਼ਨ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਬਾਅਦ ਮਨੁੱਖ ਨੂੰ ਪੁਲਾੜ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੰਦਰਯਾਨ-4 ਚੰਦ ਤੋਂ ਨਮੂਨੇ ਲਿਆਉਣ ਵਾਲਾ ਭਾਰਤ ਦਾ ਪਹਿਲਾ ਮਿਸ਼ਨ ਹੋਵੇਗਾ, ਜਦਕਿ ਚੰਦਰਯਾਨ-5 ਜਪਾਨ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ, ਜਿਸ ਵਿੱਚ 350 ਕਿਲੋਗ੍ਰਾਮ ਦਾ ਰੋਵਰ ਤਾਇਨਾਤ ਕੀਤਾ ਜਾਵੇਗਾ। ਨਾਰਾਇਣਨ ਨੇ ਕਿਹਾ ਕਿ ਭਾਰਤ 2035 ਤੱਕ ਆਪਣਾ ਪੁਲਾੜ ਸਟੇਸ਼ਨ ਸਥਾਪਤ ਕਰਨ ਅਤੇ 2040 ਤੱਕ ਭਾਰਤੀ ਰਾਕੇਟ ਰਾਹੀਂ ਭਾਰਤੀ ਪੁਲਾੜ ਯਾਤਰੀ ਨੂੰ ਚੰਦ ’ਤੇ ਉਤਾਰਨ ਦਾ ਟੀਚਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਇਸਰੋ ਨੇ ਹੁਣ ਤੱਕ 105 ਤੋਂ ਵੱਧ ਲਾਂਚ ਮਿਸ਼ਨ, 135 ਸੈਟੇਲਾਈਟ ਮਿਸ਼ਨ ਪੂਰੇ ਕੀਤੇ ਹਨ ਅਤੇ 34 ਦੇਸ਼ਾਂ ਦੇ 434 ਉਪਗ੍ਰਹਿ ਲਾਂਚ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਾਲ ਹੀ ਵਿੱਚ ਇਸਰੋ 200 ਟਨ ਸਮਰੱਥਾ ਵਾਲਾ ਸੈਮੀ-ਕ੍ਰਾਇਓਜੈਨਿਕ ਇੰਜਣ ਬਣਾਉਣ ’ਚ ਸਫਲ ਰਿਹਾ ਹੈ ਅਤੇ ਛੇਤੀ ਹੀ ਇਸ ਇੰਜਣ ਦਾ ਟੈਸਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਵਦੇਸ਼ੀ ਤਕਨਾਲੋਜੀ ਦਾ ਲਾਹਾ ਲੈਣਾ ਚਾਹੀਦਾ ਹੈ ਅਤੇ ਵਿਦੇਸ਼ ਉੱਤੇ ਨਿਰਭਰਤਾ ਘਟਾਈ ਜਾਣੀ ਚਾਹੀਦੀ ਹੈ।
ਐੱਨ ਜਯਨ ਤਰਲ ਪ੍ਰੋਪਲਸ਼ਨ ਸਿਸਟਮਜ਼ ਸੈਂਟਰ ਦੇ ਡਾਇਰੈਕਟਰ ਨਿਯੁਕਤ
ਤਿਰੂਵਨੰਤਪੁਰਮ: ਉੱਘੇ ਪੁਲਾੜ ਇੰਜਨੀਅਰ ਐੱਨ ਜਯਨ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪ੍ਰਮੁੱਖ ਕੇਂਦਰ ਤਰਲ ਪ੍ਰੋਪਲਸ਼ਨ ਸਿਸਟਮਜ਼ ਲਿਮਟਿਡ (ਐੱਨ ਪੀ ਐੱਸ ਸੀ) ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸਰੋ ਵੱਲੋਂ ਜਾਰੀ ਬਿਆਨ ਅਨੁਸਾਰ ਜਯਨ ਨੇ ਭਾਰਤ ਦੀਆਂ ਪ੍ਰੋਪਲਸ਼ਨ ਤਕਨੀਕਾਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਦੀ ਅਗਵਾਈ ਵਿੱਚ ਦੇਸੀ ਤਕਨੀਕ ਨਾਲ ਕ੍ਰਾਇਓਜੈਨਿਕ ਇੰਜਣ ਤਿਆਰ ਕੀਤਾ ਗਿਆ। ਉਨ੍ਹਾਂ ਨੂੰ ਪੁਲਾੜ ਵਿਗਿਆਨ ਵਿੱਚ ਯੋਗਦਾਨ ਲਈ ਕਈ ਸਨਮਾਨ ਮਿਲੇ ਹਨ।
