ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਅਮਰੀਕਾ ਵਿੱਚ 'ਖਰਬਾਂ ਡਾਲਰ' ਦੇ ਨਿਵੇਸ਼ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਭਾਰਤ ਵੱਲੋਂ 330 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਸ਼ਾਮਲ ਹੈ। ਇਸ ਦੇ ਨਾਲ ਹੀ ਭਾਰਤ ਅਮਰੀਕਾ ਵਿੱਚ ਨਿਵੇਸ਼ ਕਰਨ ਵਾਲੇ ਚੋਟੀ ਦੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ।
ਵ੍ਹਾਈਟ ਹਾਊਸ ਦੇ ਯੂਟਿਊਬ ਚੈਨਲ 'ਤੇ ਲਗਾਤਾਰ ਦਿਖਾਈ ਜਾ ਰਹੀ ਨਿਵੇਸ਼ ਦੀ ਇਸ ਸੂਚੀ ਵਿੱਚ ਆਇਓਵਾ ਵਿਖੇ ਐੱਸਆਰ ਗਰੁੱਪ ਦੀ ਕੰਪਨੀ ਮੇਸਾਬੀ ਮੈਟਾਲਿਕਸ (Mesabi Metallics) ਵੱਲੋਂ ਐਲਾਨਿਆ 15 ਅਰਬ ਡਾਲਰ ਦਾ ਸਟੀਲ ਪਲਾਂਟ ਵੀ ਸ਼ਾਮਲ ਹੈ।
ਅਮਰੀਕਾ ਵਿੱਚ ਨਿਵੇਸ਼ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦੀਆਂ ਦੋ ਐਂਟਰੀਆਂ ਹਨ, ਜਿਸ ਵਿੱਚ ਇੱਕ 'ਚ 310 ਅਰਬ ਡਾਲਰ ਅਤੇ ਦੂਜੀ 'ਚ 20.5 ਅਰਬ ਡਾਲਰ ਦਾ ਨਿਵੇਸ਼ ਦਰਜ ਹੈ।
ਵ੍ਹਾਈਟ ਹਾਊਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ, ''ਆਰਾਮ ਨਾਲ ਬੈਠੋ ਅਤੇ ਇਸ ਸ਼ੁੱਕਰਵਾਰ ਅਮਰੀਕਾ ਵਿੱਚ ਆ ਰਹੇ ਖਰਬਾਂ ਡਾਲਰ ਦੇ ਸੁਖਦ ਪ੍ਰਵਾਹ ਦਾ ਆਨੰਦ ਲਓ।'' ਹਾਲਾਂਕਿ, ਇਸ ਮਾਮਲੇ 'ਤੇ ਪੁੱਛੇ ਗਏ ਸਵਾਲਾਂ ਦਾ ਵ੍ਹਾਈਟ ਹਾਊਸ ਵੱਲੋਂ ਤੁਰੰਤ ਕੋਈ ਜਵਾਬ ਨਹੀਂ ਆਇਆ।
ਜ਼ਿਕਰਯੋਗ ਹੈ ਕਿ ਮਾਰਚ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਰਿਲਾਇੰਸ ਇੰਡਸਟਰੀਜ਼ ਟੈਕਸਾਸ ਦੇ ਬ੍ਰਾਊਨਸਵਿਲੇ (Brownsville) ਵਿੱਚ ਇੱਕ ਤੇਲ ਰਿਫਾਇਨਰੀ ਸਥਾਪਤ ਕਰਨ ਲਈ 300 ਅਰਬ ਡਾਲਰ ਦਾ ਨਿਵੇਸ਼ ਕਰ ਰਹੀ ਹੈ।
ਇਸ ਤੋਂ ਇਲਾਵਾ, ਮਈ ਵਿੱਚ 'ਸਿਲੈਕਟ ਯੂਐੱਸਏ ਇਨਵੈਸਟਮੈਂਟ ਸਮਿਟ' (SelectUSA Investment Summit) ਮੌਕੇ ਭਾਰਤੀ ਉਦਯੋਗ ਜਗਤ ਨੇ ਅਮਰੀਕਾ ਵਿੱਚ 20.5 ਅਰਬ ਡਾਲਰ ਤੱਕ ਦੇ ਨਿਵੇਸ਼ ਦਾ ਐਲਾਨ ਕੀਤਾ ਸੀ।

