ਅਮਰੀਕਾ ਨੇ ਸਾਫ਼ ਕੀਤਾ ਹੈ ਕਿ ਭਾਰਤ ਨੂੰ ਰੂਸੀ ਤੇਲ ਖ਼ਰੀਦਣ ਦੀ ਆਰਜ਼ੀ ਤੌਰ ’ਤੇ ਇਜਾਜ਼ਤ ਦਿੱਤੀ ਗਈ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਕਿ ਇਹ ਥੋੜ੍ਹੇ ਸਮੇਂ ਲਈ ਚੁੱਕਿਆ ਗਿਆ ਕਦਮ ਹੈ ਜਿਸ ਦਾ ਮਕਸਦ ਆਲਮੀ ਤੇਲ ਸਪਲਾਈ ਨੂੰ ਸਥਿਰ ਰੱਖਣਾ ਹੈ। ਇਸ ਫ਼ੈਸਲੇ ਨਾਲ ਰੂਸ ਨੂੰ ਕੋਈ ਖ਼ਾਸ ਵਿੱਤੀ ਸਹਾਇਤਾ ਨਹੀਂ ਮਿਲੇਗੀ ਕਿਉਂਕਿ ਰੂਸੀ ਤੇਲ ਪਹਿਲਾਂ ਹੀ ਜਹਾਜ਼ਾਂ ’ਚ ਲੱਦਿਆ ਹੋਇਆ ਹੈ। ਲੇਵਿਟ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਰਾਸ਼ਟਰਪਤੀ ਡੋਨਲਡ ਟਰੰਪ, ਖਜ਼ਾਨਾ ਮੰਤਰੀ ਸਕੌਟ ਬੇਸੈਂਟ ਅਤੇ ਪੂਰੀ ਕੌਮੀ ਸੁਰੱਖਿਆ ਟੀਮ ਨੇ ਭਾਰਤ ਨੂੰ ਰੂਸ ਤੋਂ ਤੇਲ ਲੈਣ ਦੀ ਇਜਾਜ਼ਤ ਦਿੱਤੀ ਕਿਉਂਕਿ ਭਾਰਤ ’ਚ ਸਾਡੇ ਭਾਈਵਾਲ ਆਗੂਆਂ ਦਾ ਰਵੱਈਆ ਅਤੇ ਭੂਮਿਕਾ ਵਧੀਆ ਰਹੀ ਹੈ। ਉਨ੍ਹਾਂ ਪਹਿਲਾਂ ਹੀ ਰੂਸ ਤੋਂ ਤੇਲ ਲੈਣ ਬੰਦ ਕਰ ਦਿੱਤਾ ਸੀ।’’ ਅਮਰੀਕਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਪੱਛਮੀ ਏਸ਼ੀਆ ’ਚ ਵਧਦੇ ਟਕਰਾਅ ਦੇ ਮੱਦੇਨਜ਼ਰ ਉਹ ਭਾਰਤੀ ਰਿਫਾਇਨਰੀਆਂ ਨੂੰ ਆਰਜ਼ੀ ਤੌਰ ’ਤੇ ਰੂਸੀ ਤੇਲ ਖ਼ਰੀਦਣ ਦੀ ਇਜਾਜ਼ਤ ਦੇਣ ਲਈ 30 ਦਿਨਾਂ ਦੀ ਛੋਟ ਦੇ ਰਿਹਾ ਹੈ।
ਇਸ ਤੋਂ ਪਹਿਲਾਂ ਬੇਸੈਂਟ ਨੇ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਦੇ ਊਰਜਾ ਏਜੰਡੇ ਕਾਰਨ ਤੇਲ ਅਤੇ ਗੈਸ ਉਤਪਾਦਨ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਆਲਮੀ ਬਾਜ਼ਾਰ ’ਚ ਤੇਲ ਦੀ ਸਪਲਾਈ ਯਕੀਨੀ ਬਣਾਈ ਰੱਖਣ ਲਈ ਖਜ਼ਾਨਾ ਵਿਭਾਗ ਨੇ ਭਾਰਤੀ ਰਿਫਾਇਨਰੀਆਂ ਨੂੰ ਰੂਸੀ ਤੇਲ ਖ਼ਰੀਦਣ ਲਈ 30 ਦਿਨਾਂ ਦੀ ਛੋਟ ਦਿੱਤੀ ਹੈ। ਬੇਸੈਂਟ ਨੇ ਆਸ ਜਤਾਈ ਕਿ ਭਾਰਤ, ਅਮਰੀਕਾ ਤੋਂ ਤੇਲ ਦੀ ਖ਼ਰੀਦਦਾਰੀ ਵਧਾਏਗਾ।

